ਪਾਕਿ ਦੇ ਸਾਬਕਾ ਵਿਦੇਸ਼ ਮੰਤਰੀ ਕੁਰੈਸ਼ੀ ਚੋਣਾਂ ਲੜਣ ਲਈ ਅਯੋਗ ਕਰਾਰ
Monday, Jan 08, 2024 - 04:34 PM (IST)
ਲਾਹੌਰ, (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਇਕ ਚੋਣ ਟ੍ਰਿਬਿਊਨਲ ਨੇ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲੜਣ ਲਈ ‘ਅਯੋਗ’ ਕਰਾਰ ਦਿੱਤਾ ਹੈ। ਇਹ ਜਾਣਕਾਰੀ ਐਤਵਾਰ ਨੂੰ ਇਕ ਮੀਡੀਆ ਰਿਪੋਰਟ ’ਚ ਦਿੱਤੀ ਗਈ।
‘ਦ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਮੁਤਾਬਕ ਇਕ ਅਪੀਲੀ ਚੋਣ ਟ੍ਰਿਬਿਊਨਲ ਨੇ ਸ਼ਨੀਵਾਰ ਨੂੰ ਕੁਰੈਸ਼ੀ ਦੇ ਨਾਮਜ਼ਦਗੀ ਪੱਤਰਾਂ ਨੂੰ ਰੱਦ ਕਰਨ ਖਿਲਾਫ ਉਨ੍ਹਾਂ ਦੀ ਅਪੀਲ ਨੂੰ ਰੱਦ ਕਰ ਦਿੱਤਾ। ਹਾਲਾਂਕਿ, ਅਪੀਲੀ ਚੋਣ ਟ੍ਰਿਬਿਊਨਲ ਨੇ 67 ਸਾਲਾ ਕੁਰੈਸ਼ੀ ਨੂੰ ਸਿੰਧ ਦੇ ਉਮੇਰਕੋਟ ਕਸਬੇ ਦੇ ਐੱਨ.ਏ.-214 ਹਲਕੇ ਤੋਂ ਚੋਣ ਲੜਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਦ ਕਿ ਸਾਬਕਾ ਵਿਦੇਸ਼ ਮੰਤਰੀ ਦੀਆਂ ਦੋ ਨੈਸ਼ਨਲ ਅਸੈਂਬਲੀ ਅਤੇ ਪੰਜਾਬ ਸੂਬੇ ਦੇ ਮੁਲਤਾਨ ਦੀਆਂ ਵਿਧਾਨ ਸਭਾ ਸੀਟਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਰਿਟਰਨਿੰਗ ਅਫਸਰ ਦੇ ਫੈਸਲੇ ਖਿਲਾਫ ਦਾਇਰ ਉਨ੍ਹਾਂ ਦੀ ਅਪੀਲ ਨੂੰ ਰੱਦ ਕਰ ਦਿੱਤਾ।
ਕੁਰੈਸ਼ੀ ਇਸ ਸਮੇਂ ਰਾਵਲਪਿੰਡੀ ਦੀ ਅਦਿਆਲਾ ਜੇਲ ਵਿਚ ਗੁਪਤ ਦਸਤਾਵੇਜ਼ ਲੀਕ ਕਰਨ ਦੇ ਮਾਮਲੇ ਵਿਚ ਬੰਦ ਹਨ। ਸਾਬਕਾ ਵਿਦੇਸ਼ ਮੰਤਰੀ ਨੇ ਐੱਨ.ਏ.-150 ਮੁਲਤਾਨ-3, ਐੱਨ.ਏ.-151, ਮੁਲਤਾਨ-4 ਅਤੇ ਪੀ.ਪੀ.-218, ਪੀ.ਪੀ.-219 ਹਲਕਿਆਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਮੁਲਤਾਨ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਣਾ ਆਸਿਫ਼ ਸਈਦ ਨੇ ਕਿਹਾ ਕਿ ਚੋਣ ਟ੍ਰਿਬਿਊਨਲ ਨੇ ਕੁਰੈਸ਼ੀ ਦੀ ਉਮੀਦਵਾਰੀ ਦੇ ਅਧਿਕਾਰ ਬਹਾਲ ਕਰਨ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ।