ਕੋਵਿਡ-19: ਦੁਬਈ 'ਚ ਫਸੇ ਹਜ਼ਾਰਾਂ ਪਾਕਿਸਤਾਨੀ, ਇਮਰਾਨ ਸਰਕਾਰ ਦੀ ਨਹੀਂ ਖੁੱਲ੍ਹੀ ਨੀਂਦ (ਵੀਡੀਓ)

04/12/2020 4:02:03 PM

ਦੁਬਈ- ਪੂਰੀ ਦੁਨੀਆ ਵਿਚ ਜਿਥੇ ਕੋਰੋਨਾਵਾਇਰਸ ਦੀ ਦਹਿਸ਼ਤ ਦਿਨੋਂ-ਦਿਨ ਵਧਦੀ ਜਾ ਰਹੀ ਹੈ ਉਥੇ ਹੀ ਇਮਰਾਨ ਸਰਕਾਰ ਹੈ ਕਿ ਉਸ ਦੀ ਨੀਂਦ ਨਹੀਂ ਖੁੱਲ੍ਹ ਰਹੀ। ਪਹਿਲਾਂ ਚੀਨ ਵਿਚ ਫਸੇ ਹਜ਼ਾਰਾਂ ਵਿਦਿਆਰਥੀ ਤੇ ਹੁਣ ਦੁਬਈ ਵਿਚ ਮਿੰਟ-ਮਿੰਟ ਡਰ ਵਿਚ ਲੰਘਾ ਰਹੇ ਪਾਕਿਸਤਾਨੀ ਟੂਰਿਸਟ ਤੇ ਕਾਮੇ, ਜੋ ਪਾਕਿਸਤਾਨ ਕਿਸੇ ਤਰ੍ਹਾਂ ਵੀ ਸੁਰੱਖਿਅਤ ਪਹੁੰਚਣਾ ਚਾਹੁੰਦੇ ਹਨ, ਸਰਕਾਰ ਮੂਹਰੇ ਤਰਲੇ ਕਰ ਰਹੇ ਹਨ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਪਾਕਿਸਤਾਨ ਉਹਨਾਂ ਦੇ ਘਰ ਪਹੁੰਚਾਇਆ ਜਾਵੇ ਪਰ ਪਾਕਿਸਤਾਨੀ ਸਰਕਾਰ ਵਲੋਂ ਇਸ ਬਾਰੇ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ।

PunjabKesari

ਦੁਬਈ ਸਥਿਤ ਪਾਕਿਸਤਾਨੀ ਕੌਂਸਲ ਜਨਰਲ ਅਹਿਮਦ ਅਲੀ ਵਲੋਂ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਤਕਰੀਬਨ 35,000 ਪਾਕਿਸਤਾਨੀਆਂ ਨੇ ਦੁਬਈ ਦੇ ਕੌਂਸਲੇਟ ਵਿਚ ਘਰ ਵਾਪਸ ਆਉਣ ਦੇ ਲਈ ਰਜਿਸਟ੍ਰੇਸ਼ਨ ਕਰਾਇਆ ਹੈ। ਪਾਕਿਸਤਾਨ ਦੇ ਸਿਵਲ ਐਵੀਏਸ਼ਨ ਮਿਨਿਸਟਰ ਗੁਲਾਮ ਸਰਵਰ ਖਾਨ ਨੇ ਇਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਵਿਦੇਸ਼ ਵਿਚ ਫਸੇ ਪਾਕਿਸਤਾਨੀਆਂ ਨੂੰ ਵਾਪਸ ਲਿਆਉਣ ਲਈ ਤਿੰਨ ਕੈਟੇਗਰੀ 'ਤੇ ਕੰਮ ਕਰ ਰਹੇ ਹਨ। ਪਹਿਲੀ ਕੈਟੇਗਰੀ ਵਿਚ ਸੈਲਾਨੀ ਜਾਂ ਵਪਾਰਕ ਵੀਜ਼ਾ, ਦੂਜੀ ਕੈਟੇਗਰੀ ਵਿਦਿਆਰਥੀ ਤੇ ਤੀਜੀ ਕੈਟੇਗਰੀ ਵਿਚ ਉਹ ਪਾਕਿਸਤਾਨੀ ਹਨ ਜੋ ਵਿਦੇਸ਼ ਵਿਚ ਰਹਿੰਦੇ ਹਨ ਤੇ ਪਾਕਿਸਤਾਨ ਆਉਣਾ ਚਾਹੁੰਦੇ ਹਨ।

PunjabKesari

ਦੂਤਘਰ ਮੂਹਰੇ ਵਿਰੋਧ ਪ੍ਰਦਰਸ਼ਨ
ਦੂਜੇ ਪਾਸੇ ਸੰਯੁਕਤ ਅਰਬ ਅਮੀਰਾਤ ਵਿਚ ਨੌਕਰੀ ਗੁਆਉਣ ਵਾਲੇ ਤੇ ਆਪਣੇ ਘਰ ਵਾਪਸੀ ਦੀ ਇੱਛਾ ਰੱਖਣ ਵਾਲੇ ਪਾਕਿਸਤਾਨੀ ਨਾਗਰਿਕਾਂ ਨੇ ਦੂਤਘਰ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਸਪੈਸ਼ਲ ਜਹਾਜ਼ ਰਾਹੀਂ ਪਾਕਿਸਤਾਨ ਵਾਪਸ ਭੇਜਿਆ ਜਾਵੇ। ਪਾਕਿਸਤਾਨੀ ਕਹਿ ਰਹੇ ਹਨ ਕਿ ਇਕ ਮਹੀਨੇ ਤੱਕ ਦਾ ਸਮਾਂ ਲੰਘਣ ਦੇ ਬਾਵਜੂਦ ਵੀ ਸਰਕਾਰ ਨੇ ਉਹਨਾਂ ਦੀ ਵਤਨ ਵਾਪਸੀ ਲਈ ਕੋਈ ਕਦਮ ਨਹੀਂ ਚੁੱਕਿਆ। ਦੂਤਘਰ ਵਲੋਂ ਹਾਲਾਂਕਿ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਇਸ ਸਬੰਧ ਵਿਚ ਸਰਕਾਰ ਨੂੰ ਇਕ ਸੰਦੇਸ਼ ਭੇਜ ਦਿੱਤਾ ਗਿਆ ਹੈ ਤੇ ਯੂ.ਏ.ਈ. ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਜਹਾਜ਼ ਭੇਜਿਆ ਜਾਵੇਗਾ ਪਰ ਇਮਰਾਨ ਸਰਕਾਰ ਵਲੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਕੋਈ ਵੀ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ।

PunjabKesari

ਇਸ ਤੋਂ ਪਹਿਲਾਂ ਜਦੋਂ ਚੀਨ ਵਿਚ ਕੋਰੋਨਾਵਾਇਰਸ ਦਾ ਕਹਿਰ ਚੋਟੀ 'ਤੇ ਸੀ ਤਾਂ ਹੁਬੇਈ ਤੇ ਖਾਸ ਕਰਕੇ ਵੁਹਾਨ ਵਿਚ ਫਸੇ ਪਾਕਿਸਤਾਨੀ ਵਿਦਿਆਰਥੀ ਇਮਰਾਨ ਸਰਕਾਰ ਮੂਹਰੇ ਉਹਨਾਂ ਦੀ ਵਤਨ ਵਾਪਸੀ ਲਈ ਤਰਲੇ ਕਰਦੇ ਰਹੇ ਪਰ ਇਮਰਾਨ ਸਰਕਾਰ ਚੀਨ ਨਾਲ ਦੋਸਤੀ ਨਿਭਾਊਣ ਵਿਚ ਲੱਗੀ ਰਹੀ। ਉਸ ਵੇਲੇ ਇਮਰਾਨ ਸਰਕਾਰ ਨੇ ਦਲੀਲ ਦਿੱਤੀ ਕਿ ਉਥੇ ਚੀਨ ਵਲੋਂ ਉਹਨਾਂ ਦੇ ਨਾਗਰਿਕਾਂ ਨੂੰ ਬਿਹਤਰ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਅਜਿਹੇ ਹਾਲਾਤਾਂ ਵਿਚ ਉਹਨਾਂ ਨੂੰ ਪਾਕਿਸਤਾਨ ਲਿਆਉਣਾ ਸਹੀ ਨਹੀਂ ਹੈ। ਇਸ ਫੈਸਲੇ ਤੋਂ ਬਾਅਦ ਇਮਰਾਨ ਸਰਕਾਰ ਦੀ ਪਾਕਿਸਤਾਨੀ ਨਾਗਰਿਕਾਂ ਵਲੋਂ ਬਹੁਤ ਨਿੰਦਾ ਵੀ ਕੀਤੀ ਗਈ ਸੀ।


Baljit Singh

Content Editor

Related News