ਮਹਾਰਾਣੀ ਐਲਿਜ਼ਾਬੈਥ ਜੀ-7 ਸੰਮੇਲਨ ਤੋਂ ਪਹਿਲਾਂ ਕਰੇਗੀ ਅਮਰੀਕੀ ਰਾਸ਼ਟਰਪਤੀ ਦੀ ਮੇਜ਼ਬਾਨੀ
Wednesday, Feb 03, 2021 - 04:01 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੇ ਕੋਰਨਵਾਲ ਵਿਚ ਇਸ ਸਾਲ ਜੂਨ ਮਹੀਨੇ ਵਿੱਚ ਜੀ-7 ਸੰਮੇਲਨ ਹੋ ਰਿਹਾ ਹੈ। ਇਸ ਸੰਬੰਧੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਸੰਮੇਲਨ ਤੋਂ ਪਹਿਲਾਂ ਮਹਾਰਾਣੀ ਐਲਿਜ਼ਾਬੈਥ ਦੁਆਰਾ ਵਿਸ਼ਵ ਦੇ ਹੋਰ ਨੇਤਾਵਾਂ ਤੋਂ ਇਲਾਵਾ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਬਕਿੰਘਮ ਪੈਲੇਸ ਵਿਖੇ ਮੇਜ਼ਬਾਨੀ ਕਰਨ ਦੀ ਉਮੀਦ ਹੈ।
ਮਹਾਰਾਣੀ ਦੇ ਇਲਾਵਾ ਪ੍ਰਿੰਸ ਆਫ ਵੇਲਜ਼ ਅਤੇ ਡਚੇਸ ਆਫ਼ ਕੋਰਨਵਾਲ ਚਾਰਲਸ ਅਤੇ ਕੈਮਿਲਾ ਦੇ ਨਾਲ ਡਿਊਕ ਅਤੇ ਡਚੇਸ ਆਫ ਕੈਮਬ੍ਰਿਜ ਵਿਲੀਅਮ ਅਤੇ ਕੇਟ ਵੀ ਮੇਜ਼ਬਾਨੀ ਵਿੱਚ ਸ਼ਾਮਿਲ ਹੋਣਗੇ। ਹਾਲਾਂਕਿ ਬਕਿੰਘਮ ਪੈਲੇਸ ਨੇ ਇਸ ਰਿਪੋਰਟ ‘ਤੇ ਕੋਈ ਟਿੱਪਣੀ ਕਰਨ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ। ਬ੍ਰਿਟੇਨ ਇਸ ਸਾਲ ਕਾਰਬਿਸ ਬੇਅ, ਕੋਰਨਵਾਲ ਵਿੱਚ ਦੋ ਸਾਲਾਂ ਵਿੱਚ ਜੀ -7 ਦੇ ਪਹਿਲੇ ਵਿਅਕਤੀਗਤ ਸੰਮੇਲਨ ਦੀ ਮੇਜ਼ਬਾਨੀ ਕਰੇਗਾ।
ਜੀ -7 ਦੇਸ਼ਾਂ ਦੇ ਸਮੂਹ ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਸਰਕਾਰਾਂ ਸ਼ਾਮਲ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ, ਭਾਰਤ ਅਤੇ ਦੱਖਣੀ ਕੋਰੀਆ ਦੇ ਨੇਤਾਵਾਂ ਨੂੰ ਵੀ ਇਸ ਸੰਮੇਲਨ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਸ ਸੰਮੇਲਨ ਦੇ ਸੰਬੰਧ ਵਿਚ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੂੰ ਉਮੀਦ ਹੈ ਕਿ ਇਹ ਸੰਮੇਲਨ ਯੂ. ਕੇ. ਦਾ ਵਿਸ਼ਵ ਦੇ ਲੋਕਤੰਤਰੀ ਅਤੇ ਤਕਨੀਕੀ ਤੌਰ 'ਤੇ ਉੱਨਤ ਦੇਸ਼ਾਂ ਨਾਲ ਸਹਿਯੋਗ ਵਧਾਏਗਾ।