ਮਹਾਰਾਣੀ ਦਾ ਦਿਹਾਂਤ ਬ੍ਰਿਟੇਨ ਲਈ ''ਮੁਸ਼ਕਲ ਪਲ'': ਪ੍ਰਧਾਨ ਮੰਤਰੀ ਲਿਜ਼ ਟਰਸ
Tuesday, Sep 20, 2022 - 06:23 PM (IST)
ਨਿਊਯਾਰਕ (ਏਜੰਸੀ)- ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਕਿਹਾ ਹੈ ਕਿ ਮਹਾਰਾਣੀ ਐਲਿਜ਼ਾਬੈਥ ਦੂਜੀ ਦਾ ਦਿਹਾਂਤ ਦੇਸ਼ ਲਈ ਬਹੁਤ ਮੁਸ਼ਕਲ ਪਲ ਹੈ ਅਤੇ ਇਸ ਤੋਂ ਉਭਰ ਪਾਉਣਾ ਉਨ੍ਹਾਂ ਦੀ ਨਵੀਂ ਸਰਕਾਰ ਲਈ ਚੁਣੌਤੀ ਦੇ ਬਰਾਬਰ ਹੈ। ਟਰਸ ਨੇ 8 ਸਤੰਬਰ ਨੂੰ ਮਹਾਰਾਣੀ ਦੀ ਮੌਤ ਤੋਂ ਸਿਰਫ਼ ਦੋ ਦਿਨ ਪਹਿਲਾਂ ਅਹੁਦਾ ਸੰਭਾਲਿਆ ਸੀ, ਅਤੇ ਉਨ੍ਹਾਂ ਦੇ ਦਫ਼ਤਰ ਦੇ ਸ਼ੁਰੂਆਤੀ ਦਿਨ ਯਾਦਗਾਰੀ ਸੇਵਾਵਾਂ ਅਤੇ ਬ੍ਰਿਟੇਨ ਵਿਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਵਿੱਚ ਬੀਤੇ ਹਨ। ਟਰਸ ਨੂੰ ਅਸਥਾਈ ਤੌਰ 'ਤੇ ਆਪਣੀਆਂ ਨੀਤੀ ਯੋਜਨਾਵਾਂ ਨੂੰ ਵੀ ਮੁਲਤਵੀ ਰੱਖਣਾ ਪਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ "ਇਹ ਯਕੀਨੀ ਕਰਨ 'ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਕਿ ਅਸੀਂ ਇੱਕ ਰਾਸ਼ਟਰ ਵਜੋਂ ਉਨ੍ਹਾਂ ਦੇ ਸ਼ਾਸਨ ਨੂੰ ਯਾਦ ਕਰੀਏ ਅਤੇ ਕਿੰਗ ਚਾਰਲਸ ਦਾ ਸੁਆਗਤ ਕਰੀਏ।" ਸੰਯੁਕਤ ਰਾਸ਼ਟਰ ਮਹਾਸਭਾ 'ਚ ਸ਼ਾਮਲ ਹੋਣ ਲਈ ਸੋਮਵਾਰ ਸ਼ਾਮ ਨਿਊਯਾਰਕ ਵਿੱਚ ਆਈ ਟਰਸ ਨੇ ਪੱਤਰਕਾਰਾਂ ਨੂੰ ਕਿਹਾ: 'ਇਹ ਬ੍ਰਿਟੇਨ ਵਿੱਚ ਨਾਜ਼ੁਕ ਦੌਰ ਅਤੇ ਬਹੁਤ ਉਦਾਸੀ ਦਾ ਸਮਾਂ ਹੈ ਅਤੇ ਮੈਨੂੰ ਲਗਦਾ ਹੈ ਕਿ ਤੁਸੀਂ ਮਰਹੂਮ ਮਹਾਰਾਣੀ ਲਈ ਪਿਆਰ ਦੇ ਨਾਲ-ਨਾਲ ਕਿੰਗ ਚਾਰਲਸ III ਪ੍ਰਤੀ ਗਰਮਜੋਸ਼ੀ ਵੀ ਦੇਖੀ ਹੈ।'