ਮਹਾਰਾਣੀ ਦੇ ਸਹਾਇਕ ਦਾ ਕੋਰੋਨਾ ਟੈਸਟ ਪਾਜ਼ੀਟਿਵ, ਸੈਲਫ ਆਈਸੋਲੇਸ਼ਨ ''ਚ ਪੂਰਾ ਸਟਾਫ

Sunday, Mar 22, 2020 - 05:11 PM (IST)

ਲੰਡਨ- ਬਕਿੰਘਮ ਪੈਲੇਸ ਵਿਚ ਕੰਮ ਕਰਨ ਵਾਲੇ ਇਕ ਸ਼ਾਹੀ ਸਹਿਯੋਗੀ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ, ਜਦਕਿ ਮਹਾਰਾਣੀ ਨੂੰ ਪਹਿਲਾਂ ਹੀ ਵਿੰਡਸਰ ਪੈਲਸ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਅੰਗਰੇਜ਼ੀ ਅਖਬਾਰ ਦ ਸਨ ਮੁਤਾਬਕ ਸ਼ਨੀਵਾਰ ਨੂੰ ਸ਼ਾਹੀ ਸਹਿਯੋਗੀ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਸ ਦਾ ਟੈਸਟ ਕੀਤਾ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਇਸ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਨੂੰ ਸੈਲਫ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਹ ਵਿਅਕਤੀ ਮਹਾਰਾਣੀ ਦੇ ਕਿੰਨਾਂ ਸੰਪਰਕ ਵਿਚ ਸੀ।

'ਦ ਸਨ' ਨੇ ਇਸ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਉਸ ਦੀ ਰਿਪੋਰਟ ਰਾਣੀ ਦੇ ਪੈਲੇਸ ਛੱਡਣ ਤੋਂ ਪਹਿਲਾਂ ਹੀ ਪਾਜ਼ੀਟਿਵ ਪਾਈ ਗਈ ਸੀ। ਪੈਲੇਸ ਵਿਚ 500 ਕਰਮਚਾਰੀ ਕੰਮ ਕਰਦੇ ਹਨ, ਜਿਸ ਵਿਚ ਇਹ ਸਮਝਣਾ ਮੁਸ਼ਕਲ ਹੈ ਕਿ ਕੋਈ ਇਨਫੈਕਟਡ ਕਿਵੇਂ ਹੋ ਗਿਆ। ਇਥੋਂ ਦੀ ਸਥਿਤੀ ਨੂੰ ਲੈ ਕੇ ਪੈਲੇਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਅਸੀਂ ਵਿਅਕਤੀਗਤ ਰੂਪ ਨਾਲ ਕਿਸੇ ਦੀ ਹਾਲਤ ਨੂੰ ਲੈ ਕੇ ਕੁਝ ਨਹੀਂ ਕਰ ਸਕਦੇ ਪਰ ਮਹੱਲ ਵਿਚ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ ਤੇ ਅਸੀਂ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਖਤ ਕਦਮ ਚੁੱਕ ਰਹੇ ਹਾਂ। ਦੱਸ ਦਈਏ ਕਿ ਯੂਕੇ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 233 ਹੋ ਗਈ ਹੈ ਤੇ ਇਨਫੈਕਟਡ ਲੋਕਾਂ ਦੀ ਗਿਣਤੀ ਵੀ 5 ਹਜ਼ਾਰ ਪਾਰ ਕਰ ਗਈ ਹੈ।

ਜ਼ਿਕਰਯੋਗ ਹੈ ਕਿ ਬਕਿੰਘਮ ਪੈਲੇਸ ਲੰਡਨ ਦੇ ਵਿਚਾਲੇ ਸਥਿਤ ਹੈ ਤੇ ਇਥੇ ਕਰਮਚਾਰੀਆਂ ਦੀ ਗਿਣਤੀ ਵੀ ਬਾਕੀ ਥਾਵਾਂ ਦੀ ਤੁਲਨਾ ਵਿਚ ਵਧੇਰੇ ਹੈ। ਇਸ ਕਾਰਨ ਅਹਿਤਿਆਤ ਦੇ ਤੌਰ 'ਤੇ ਰਾਣੀ ਐਲਿਜ਼ਾਬੇਥ-ਦੂਜੀ ਨੂੰ ਵਿੰਡਸਰ ਕੈਸਲ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਸੰਕੇਤ ਮਿਲੇ ਸਨ ਕਿ ਲੰਡਨ ਦੇ ਮਹੱਲ ਵਿਚ ਵੱਡੀ ਗਿਣਤੀ ਵਿਚ ਕਰਮਚਾਰੀ ਹੋਣ ਤੇ ਹਰ ਵੀਰਵਾਰ ਨੂੰ ਮਹਾਰਾਣੀ ਨਾਲ ਮਿਲਣ ਵਿਚ ਵੱਡੀ ਗਿਣਤੀ ਵਿਚ ਮਹਿਮਾਨਾਂ ਦੇ ਆਉਣ ਕਾਰਨ ਇਹ ਫੈਸਲਾ ਲਿਆ ਗਿਆ ਹੈ ਤਾਂਕਿ ਉਹਨਾਂ ਨੂੰ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ। ਇਸੇ ਕਾਰਨ ਪੈਲੇਸ ਦੇ ਛੋਟੇ ਪੱਧਰ ਦੇ ਕਰਮਚਾਰੀਆਂ ਨੂੰ ਸੈਂਡ੍ਰਿੰਘਮ ਵਿਚ ਟ੍ਰਾਂਸਫਰ ਕੀਤਾ ਜਾ ਸਕਦਾ ਹੈ।


Baljit Singh

Content Editor

Related News