ਕੈਨੇਡਾ : ਕਿਊਬਿਕ ਨੇ ਲਿਆ ਸਖ਼ਤ ਫੈਸਲਾ, ਬੰਦ ਕਰੇਗਾ ਸਕੂਲ ਤੇ ਗੈਰ-ਜ਼ਰੂਰੀ ਕਾਰੋਬਾਰ
Friday, Dec 18, 2020 - 08:46 AM (IST)
ਮਾਂਟਰੀਅਲ- ਕੈਨੇਡਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਹਾਲਾਤ ਹੋਰ ਖਰਾਬ ਹੋਣ ਦੇ ਆਸਾਰ ਹਨ ਕਿਉਂਕਿ ਲੋਕ ਘੁੰਮਣ-ਫਿਰਨ ਦੀਆਂ ਤਿਆਰੀਆਂ ਵਿਚ ਹਨ। ਇਸ ਵਿਚਕਾਰ ਸੂਬੇ ਕਿਊਬਿਕ ਨੇ ਸਖ਼ਤ ਫੈਸਲਾ ਲਿਆ ਹੈ ਤੇ 25 ਦਸੰਬਰ ਤੋਂ 11 ਜਨਵਰੀ ਤੱਕ ਸਾਰੇ ਗੈਰ-ਜ਼ਰੂਰੀ ਕਾਰੋਬਾਰ ਅਤੇ ਸਾਰੇ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਇਸ ਦਾ ਐਲਾਨ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਫਰੈਂਕੋਇਸ ਲਿਗੌਲਟ ਨੇ ਕਿਹਾ ਕਿ ਕੋਰੋਨਾ ਦੀ ਲਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਕੋਰੋਨਾ ਦੀ ਦੂਜੀ ਲਹਿਰ ਨੂੰ ਤੋੜਨ ਵਿਚ ਸਫ਼ਲ ਹੋਣਗੇ । ਹਾਲਾਤ ਠੀਕ ਹੁੰਦਿਆਂ ਹੀ ਸਾਰੇ ਕਾਰੋਬਾਰ ਮੁੜ ਖੋਲ੍ਹ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਾਰੇ ਗੈਰ-ਜ਼ਰੂਰੀ ਕਾਰੋਬਾਰ ਕ੍ਰਿਸਮਸ ਤੋਂ 11 ਜਨਵਰੀ ਤੱਕ ਬੰਦ ਰਹਿਣਗੇ। ਇਸ ਦੌਰਾਨ ਬੌਕਸਿੰਗ ਡੇਅ ਵੀ ਰੱਦ ਕਰ ਦਿੱਤਾ ਗਿਆ ਹੈ।
ਰਾਸ਼ਨ ਦੇ ਸਟੋਰ, ਦਵਾਈਆਂ ਦੇ ਸਟੋਰ, ਹਾਰਡਵੇਅਰ ਸਟੋਰ ਅਤੇ ਕਾਰਾਂ ਦੇ ਮੁਰੰਮਤ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਕਾਰਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਇਸ ਲਈ ਹੈ ਕਿਉਂਕਿ ਇੱਥੇ ਬਰਫਬਾਰੀ ਕਾਰਨ ਵਾਹਨਾਂ ਨੂੰ ਚਲਾਉਣ ਵਿਚ ਪ੍ਰੇਸ਼ਾਨੀ ਆਉਂਦੀ ਹੈ ਤੇ ਟਾਇਰਾਂ ਆਦਿ ਨੂੰ ਬਦਲਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਵਾਲਮਾਰਟ ਅਤੇ ਕੋਸਟਕੋ ਵਰਗੇ ਬਿੱਗ ਬੌਕਸ ਸਟੋਰ ਖੁੱਲ੍ਹੇ ਹੋਣਗੇ, ਪਰ ਇਨ੍ਹਾਂ ਨੂੰ ਗੈਰ-ਜ਼ਰੂਰੀ ਸਾਮਾਨ ਵੇਚਣ ਦੀ ਮਨਾਹੀ ਹੋਵੇਗੀ।