ਕਿਊਬਿਕ ਕੋਰਟ ਨੇ ਸਿੱਖ ਡਰਾਈਵਰਾਂ ਵਿਰੁੱਧ ਸੁਣਾਇਆ ਫੈਸਲਾ, ਹੈਲਮੇਟ ਪਾਉਣਾ ਲਾਜ਼ਮੀ

09/15/2019 3:03:32 PM

ਮਾਂਟਰੀਅਲ (ਏਜੰਸੀ)- ਕੈਨੇਡਾ ਦੇ ਸੂਬੇ ਕਿਊਬਿਕ ਦੀ ਕੋਰਟ ਨੇ ਦਸਤਾਰ ਸਜਾਉਣ ਵਾਲੇ ਉਨ੍ਹਾਂ ਤਿੰਨ ਸਿੱਖ ਟਰੱਕ ਡਰਾਈਵਰਾਂ ਵਿਰੁੱਧ ਫੈਸਲਾ ਸੁਣਾਇਆ ਹੈ, ਜਿਨ੍ਹਾਂ ਨੇ ਕੰਮ ਵਾਲੀ ਥਾਂ 'ਤੇ ਹੈਲਮੇਟ ਪਾਉਣ ਤੋਂ ਛੋਟ ਮੰਗੀ ਸੀ। ਕੋਰਟ ਨੇ ਕਿਹਾ ਕਿ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕੰਮ ਵਾਲੀ ਥਾਂ 'ਤੇ ਹੈਲਮੇਟ ਪਾਉਣਾ ਲਾਜ਼ਮੀ ਹੈ। ਦੱਸ ਦਈਏ ਕਿ ਕਿਊਬਿਕ ਵਿੱਚ ਤਿੰਨ ਪ੍ਰਾਈਵੇਟ ਟਰੱਕ ਕੰਪਨੀਆਂ ਦੇ ਮਾਲਕਾਂ ਨੇ ਆਪਣੀਆਂ ਕੰਪਨੀਆਂ ਵਿਚ ਕੰਮ ਕਰਦੇ ਸਾਰੇ ਕਾਮਿਆਂ ਲਈ ਹੈਲਮੇਟ ਪਾਉਣਾ ਲਾਜ਼ਮੀ ਕਰ ਦਿੱਤਾ ਸੀ, ਭਾਵੇਂ ਉਹ ਕਿਸੇ ਵੀ ਭਾਈਚਾਰੇ ਨਾਲ ਸਬੰਧਿਤ ਹੋਣ। ਜਦੋਂ ਕਿ ਦਸਤਾਰ ਸਜਾਉਣ ਵਾਲੇ ਤਿੰਨ ਸਿੱਖ ਟਰੱਕ ਡਰਾਈਵਰਾਂ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਹੈਲਮੇਟ ਪਾਉਣ ਤੋਂ ਮਨਾਂ ਕਰ ਦਿੱਤਾ ਸੀ। ਉਨ੍ਹਾਂ ਸਿੱਖਾਂ ਨੇ ਧਾਰਮਿਕ ਆਜ਼ਾਦੀ ਦਾ ਹਵਾਲਾ ਦਿੰਦਿਆਂ ਹੈਲਮੇਟ ਤੋਂ ਛੋਟ ਲਈ ਕਿਊਬਿਕ ਕੋਰਟ ਵਿਚ ਅਪੀਲ ਕੀਤੀ ਸੀ, ਪਰ ਅੱਜ ਆਏ ਫੈਸਲੇ ਵਿਚ ਕੋਰਟ ਨੇ ਕੰਮ ਵਾਲੀ ਥਾਂ 'ਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਹੈਲਮੇਟ ਪਾਉਣਾ ਲਾਜ਼ਮੀ ਦੱਸਿਆ।

ਕੰਪਨੀਆਂ ਦੇ ਮਾਲਕਾਂ ਨੇ ਕਿਹਾ ਸੀ ਕਿ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੇ ਹੈਲਮੇਟ ਦੀ ਨੀਤੀ ਅਪਨਾਈ ਹੈ, ਜਿਹੜੀ ਕਿ ਕਾਨੂੰਨ ਮੁਤਾਬਕ ਜ਼ਰੂਰੀ ਵੀ ਹੈ। ਸਿੱਖ ਕਾਮਿਆਂ ਨੇ ਹੈਲਮੇਟ ਤੋਂ ਛੋਟ ਲਈ ਅਦਾਲਤ ਵਿਚ ਪਹਿਲੀ ਅਰਜ਼ੀ 2006 ਵਿਚ ਦਾਖਲ ਕੀਤੀ ਸੀ, ਪਰ ਸੁਪੀਰੀਅਰ ਕੋਰਟ ਦੇ ਜੱਜ ਐਂਡਰੇ ਪ੍ਰਿਵੋਸਟ ਨੇ 2016 ਵਿਚ ਇਹ ਅਰਜ਼ੀ ਰੱਦ ਕਰ ਦਿੱਤੀ ਸੀ। ਕਿਊਬਿਕ ਕੋਰਟ ਨੇ ਤਾਜ਼ਾ ਫੈਸਲੇ ਵਿਚ ਕਿਹਾ ਹੈ ਕਿ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮ ਨਿਯਮ ਇਸ ਕੇਸ ਵਿਚ ਲਾਗੂ ਨਹੀਂ ਹੁੰਦਾ, ਕਿਉਂਕਿ ਹੈਲਮੇਟ ਨੀਤੀ ਸੂਬੇ ਵਲੋਂ ਨਹੀਂ ਪ੍ਰਾਈਵੇਟ ਕੰਪਨੀਆਂ ਵਲੋਂ ਨਿਰਧਾਰਤ ਕੀਤੀ ਗਈ ਹੈ। ਕੋਰਟ ਨੇ ਦੱਸਿਆ ਕਿ ਕਿਊਬਿਕ ਚਾਰਟਰ ਆਫ ਹਿਊਮਨ ਰਾਈਟਸ ਐਂਡ ਫਰੀਡਮ ਨਿਯਮ ਇਸ ਕੇਸ ਵਿਚ ਲਾਗੂ ਹੁੰਦਾ ਹੈ, ਪਰ ਧਾਰਮਿਕ ਆਜ਼ਾਦੀ ਦੀ ਬਜਾਏ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਹੈਲਮੇਟ ਜ਼ਰੂਰੀ ਹੈ, ਕਿਉਂਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਹੈਲਮੇਟ ਵਿਅਕਤੀ ਦੇ ਸਿਰ 'ਤੇ ਸੱਟ ਆਦਿ ਨਹੀਂ ਲੱਗਣ ਦਿੰਦਾ ਅਤੇ ਉਸ ਦਾ ਬਚਾਅ ਹੋ ਜਾਂਦਾ ਹੈ।


Sunny Mehra

Content Editor

Related News