Quad ਨੇ ਹਿੰਦ-ਪ੍ਰਸ਼ਾਂਤ ''ਚ ਚੀਨ ''ਤੇ ਰੋਕ ਲਾਉਣ ਲਈ ਕੀਤੀ ਬੈਠਕ, ਸ਼ਾਂਤੀ-ਸਥਿਰਤਾ ''ਤੇ ਦਿੱਤਾ ਜ਼ੋਰ
Monday, Dec 21, 2020 - 02:32 PM (IST)
ਸਿਡਨੀ- ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦਾ ਦਖ਼ਲ ਲਗਾਤਾਰ ਵੱਧਦਾ ਜਾ ਰਿਹਾ ਹੈ। ਡ੍ਰੈਗਨ ਦੇ ਇਸ ਵਿਸਥਾਰਵਾਦੀ ਵਿਵਹਾਰ 'ਤੇ ਰੋਕ ਲਾਉਣ ਲਈ ਕਵਾਡ ਸਮੂਹ ਦੇ ਭਾਰਤ ਸਣੇ 3 ਹੋਰ ਦੇਸ਼ਾਂ ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਨੇ ਸ਼ੁੱਕਰਵਾਰ ਨੂੰ ਇਕ ਉੱਚ ਪੱਧਰੀ ਵਰਚੁਅਲ ਬੈਠਕ ਕਰ ਕੇ ਹਿੰਦ-ਪ੍ਰਸ਼ਾਂਤ ਖੇਤਰ ਦੀ ਮੌਜੂਦਾ ਸਥਿਤੀ 'ਤੇ ਚਰਚਾ ਕੀਤੀ।
ਕਵਾਡ ਨੇ ਇਸ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਵਧਾਉਣ ਦੇ ਟੀਚੇ ਨਾਲ ਸੰਪਰਕ, ਢਾਂਚਾਗਤ ਸੁਵਿਧਾਵਾਂ ਅਤੇ ਸੁਰੱਖਿਆ ਨੂੰ ਲੈ ਕੇ ਆਪਸੀ ਵਿਵਹਾਰਕ ਸਹਿਯੋਗ 'ਤੇ ਵੀ ਚਰਚਾ ਕੀਤੀ।
ਵਿਦੇਸ਼ ਮੰਤਰਾਲਾ ਮੁਤਾਬਕ ਬੈਠਕ ਵਿਚ ਚਾਰੋਂ ਦੇਸ਼ਾਂ ਨੇ ਸਾਂਝੇ ਮੁੱਲਾਂ, ਸਿਧਾਂਤਾਂ ਅਤੇ ਕੌਮਾਂਤਰੀ ਸਮੁੰਦਰੀ ਕਾਨੂੰਨ ਲਈ ਸਨਮਾਨ 'ਤੇ ਆਧਾਰਤ ਸੁਤੰਤਰ ਅਤੇ ਸਹਿਯੋਗ ਹਿੰਦ-ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਦੀ ਗੱਲ ਦੋਹਰਾਈ। ਕਵਾਡ ਦੇ ਉੱਚ ਅਧਿਕਾਰੀਆਂ ਦੀ ਇਹ ਬੈਠਕ ਅਕਤੂਬਰ ਵਿਚ ਟੋਕੀਓ ਵਿਚ ਹੋਈ ਮੁਲਾਕਾਤ ਦੇ 2 ਮਹੀਨੇ ਬਾਅਦ ਆਯੋਜਿਤ ਕੀਤੀ ਗਈ। ਚਾਰੇ ਦੇਸ਼ਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਵੱਧਦੇ ਦਖ਼ਲ 'ਤੇ ਰੋਕ ਲਾਉਣ ਲਈ ਨਵੰਬਰ, 2017 ਵਿਚ ਕਵਾਡ ਦੀ ਸਥਾਪਨਾ ਕੀਤੀ ਸੀ।
ਵਿਦੇਸ਼ ਮੰਤਰਾਲੇ ਵਲੋਂ ਦੱਸਿਆ ਗਿਆ ਹੈ ਕਿ ਬੈਠਕ ਵਿਚ ਸਥਾਨਕ ਅਤੇ ਗਲੋਬਲ ਮੁੱਦਿਆਂ 'ਤੇ ਚਰਚਾ ਹੋਈ। ਬੁਨਿਆਦੀ ਢਾਂਚਾ ਵਿਕਾਸ ਨੂੰ ਲੈ ਕੇ ਵੀ ਵਿਚਾਰ ਹੋਇਆ। ਅੱਤਵਾਦ, ਸਾਈਬਰ, ਅੱਤਵਾਦ ਅਤੇ ਸੁਰੱਖਿਆ ਨਾਲ ਜੁੜੇ ਦੂਜੇ ਮੁੱਦਿਆਂ 'ਤੇ ਵੀ ਕਾਫੀ ਚੰਗੀ ਗੱਲਬਾਤ ਹੋਈ ਹੈ। ਇਸ ਵਿਚਾਰ ਦਾ ਉਦੇਸ਼ ਇਹ ਹੈ ਕਿ ਸਮੁੱਚੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ, ਸਹਿਯੋਗ ਤੇ ਸਥਾਈ ਭਾਵ ਨੂੰ ਵਧਾਇਆ ਜਾ ਸਕੇ।