ਗਲਾਸਗੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਪ 26 ''ਚ ਨਹੀਂ ਹੋਣਗੇ ਸ਼ਾਮਲ
Friday, Oct 22, 2021 - 03:06 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਵਿਚ ਇਸ ਮਹੀਨੇ ਦੇ ਅਖ਼ੀਰ ਤੋਂ ਸ਼ੁਰੂ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਵਿਚ ਵਿਸ਼ਵ ਭਰ ਦੇ ਨੇਤਾ ਸ਼ਮੂਲੀਅਤ ਕਰ ਰਹੇ ਹਨ, ਜਿਹਨਾਂ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੀ ਸ਼ਾਮਲ ਹਨ ਪਰ ਇਸ ਸੰਮੇਲਨ ਲਈ ਬਹੁਤ ਹੀ ਪ੍ਰਮੁੱਖ ਦੇਸ਼ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ਾਮਲ ਨਹੀਂ ਹੋਣਗੇ। ਇਸ ਸਬੰਧੀ ਕ੍ਰੇਮਲਿਨ ਦੇ ਬੁਲਾਰੇ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਤਿਨ ਦੀ ਜਗ੍ਹਾ ਰੂਸ ਦੇ ਹੋਰ ਨੁਮਾਇੰਦੇ ਗੱਲਬਾਤ ਵਿਚ ਸ਼ਾਮਲ ਹੋਣਗੇ। ਹਾਲਾਂਕਿ ਉਹ ਵੀਡੀਓ ਕਾਨਫਰੰਸ ਰਾਹੀਂ ਹਿੱਸਾ ਲੈ ਸਕਦੇ ਹਨ। ਗ੍ਰੀਨਹਾਊਸ ਗੈਸਾਂ ਦੇ ਵਿਸ਼ਵ ਦੇ ਚੌਥੇ ਸਭ ਤੋਂ ਵੱਡੇ ਨਿਕਾਸਕਰਤਾ ਰੂਸ ਦੇ ਨੇਤਾ ਦਾ ਜਲਵਾਯੂ ਸੰਮੇਲਨ ਵਿਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਇਸ ਸਿਖ਼ਰ ਸੰਮੇਲਨ ਲਈ ਇਕ ਚਿੰਤਾ ਦਾ ਵਿਸ਼ਾ ਹੈ।
ਸਕਾਟਲੈਂਡ 31 ਅਕਤੂਬਰ ਤੋਂ 12 ਨਵੰਬਰ ਤੱਕ ਕੋਪ 26 ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਵਿਚ ਗਲੋਬਲ ਵਾਰਮਿੰਗ ਅਤੇ ਹੋਰ ਜਲਵਾਯੂ ਸਮੱਸਿਆਵਾਂ ਨਾਲ ਨਜਿੱਠਣ ਲਈ ਵਿਸ਼ਵ ਨੇਤਾਵਾਂ ਦਰਮਿਆਨ ਗੱਲਬਾਤ ਹੋਵੇਗੀ। ਰੂਸ, ਸਾਇਬੇਰੀਆ ਦੇ ਪਰਮਾਫ੍ਰੌਸਟ ਜੋ ਕਿ ਰੂਸੀ ਭੂਮੀ ਦੇ 65% ਹਿੱਸੇ ਨੂੰ ਕਵਰ ਕਰਦਾ ਹੈ ਅਤੇ ਮਹੱਤਵਪੂਰਨ ਮਾਤਰਾ ਵਿਚ ਗ੍ਰੀਨਹਾਊਸ ਗੈਸਾਂ ਨੂੰ ਛੱਡਦਾ ਹੈ, ਦੇ ਪਿਘਲਣ ਨਾਲ ਗਲੋਬਲ ਔਸਤ ਨਾਲੋਂ 2.8 ਗੁਣਾ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਜਦਕਿ ਪੁਤਿਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਰੂਸ 2060 ਤੋਂ ਬਾਅਦ ਕਾਰਬਨ ਨਿਰਪੱਖ ਬਣਨ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਊਰਜਾ ਮਿਸ਼ਰਣ ਵਿਚ ਹਾਈਡ੍ਰੋਜਨ, ਅਮੋਨੀਆ ਅਤੇ ਕੁਦਰਤੀ ਗੈਸ ਦੀ ਵੱਡੀ ਭੂਮਿਕਾ ਹੋਣ ਦੀ ਸੰਭਾਵਨਾ ਹੈ ਅਤੇ ਰੂਸ ਜਲਵਾਯੂ ਤਬਦੀਲੀ ਨਾਲ ਨਜਿੱਠਣ ਦੇ ਤਰੀਕਿਆਂ 'ਤੇ ਗੱਲਬਾਤ ਲਈ ਤਿਆਰ ਹੈ।