ਪੁਤਿਨ ਦਾ ਯੂਕ੍ਰੇਨ ਤੋਂ ਰੂਸ ਆਉਣ ਵਾਲਿਆਂ ਲਈ ਮਦਦ ਦਾ ਐਲਾਨ, ਹਰ ਮਹੀਨੇ ਮਿਲਣਗੇ 13500 ਰੁਪਏ

Sunday, Aug 28, 2022 - 10:22 AM (IST)

ਮਾਸਕੋ (ਬਿਊਰੋ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਤੋਂ ਆਉਣ ਵਾਲੇ ਲੋਕਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਸ਼ਨੀਵਾਰ ਨੂੰ ਇਕ ਸਰਕਾਰੀ ਫਰਮਾਨ 'ਤੇ ਦਸਤਖ਼ਤ ਕਰਦੇ ਹੋਏ ਪੁਤਿਨ ਨੇ ਸਬੰਧਤ ਵਿਭਾਗ ਨੂੰ ਯੂਕ੍ਰੇਨ ਛੱਡਣ ਵਾਲੇ ਲੋਕਾਂ ਦੀ ਮਦਦ ਕਰਨ ਦੇ ਆਦੇਸ਼ ਦਿੱਤੇ। ਇਸ ਤਹਿਤ ਯੂਕ੍ਰੇਨ ਦੇ ਖੇਤਰ ਤੋਂ ਰੂਸ ਆਉਣ ਵਾਲੇ ਲੋਕਾਂ ਲਈ ਵਿੱਤੀ ਸਹਾਇਤਾ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਪੈਨਸ਼ਨਰ, ਗਰਭਵਤੀ ਔਰਤਾਂ ਅਤੇ ਅਪਾਹਜ ਸ਼ਾਮਲ ਹਨ। ਇਕ ਸਰਕਾਰੀ ਪੋਰਟਲ 'ਤੇ ਪ੍ਰਕਾਸ਼ਿਤ ਫ਼ਰਮਾਨ ਅਨੁਸਾਰ 18 ਫਰਵਰੀ ਤੋਂ ਯੂਕ੍ਰੇਨੀ ਖੇਤਰ ਛੱਡ ਕੇ ਰੂਸ ਵਿਚ ਸ਼ਰਨ ਲੈਣ ਵਾਲੇ ਲੋਕਾਂ ਲਈ 10,000 ਰੂਬਲ (170 ਡਾਲਰ) ਮਹੀਨਾਵਾਰ ਪੈਨਸ਼ਨ ਦੀ ਅਦਾਇਗੀ ਦਾ ਪ੍ਰਬੰਧ ਕੀਤਾ ਗਿਆ ਹੈ। ਅਪਾਹਜਤਾ ਵਾਲੇ ਲੋਕ ਵੀ ਉਸੇ ਮਾਸਿਕ ਸਹਾਇਤਾ ਲਈ ਯੋਗ ਹੋਣਗੇ, ਜਦੋਂ ਕਿ ਗਰਭਵਤੀ ਔਰਤਾਂ ਇਕਮੁਸ਼ਤ ਲਾਭ ਦੀਆਂ ਹੱਕਦਾਰ ਹਨ। ਇਹ ਰਕਮ ਭਾਰਤੀ ਰੁਪਏ ਵਿੱਚ ਲਗਭਗ 13500 ਹੈ।

ਯੂਕ੍ਰੇਨ, ਡੋਨੇਟਸਕ ਅਤੇ ਲੁਹਾਨਸਕ ਦੇ ਨਾਗਰਿਕਾਂ ਨੂੰ ਦਿੱਤੀ ਜਾਵੇਗੀ ਮਦਦ 

ਫ਼ਰਮਾਨ ਵਿੱਚ ਕਿਹਾ ਗਿਆ ਹੈ ਕਿ ਭੁਗਤਾਨ ਯੂਕ੍ਰੇਨ ਦੇ ਨਾਗਰਿਕਾਂ ਅਤੇ ਸਵੈ-ਘੋਸ਼ਿਤ ਡੋਨੇਟਸਕ ਅਤੇ ਲੁਹਾਨਸਕ ਪੀਪਲਜ਼ ਰੀਪਬਲਿਕਸ ਨੂੰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰੂਸ ਨੇ ਫਰਵਰੀ ਦੇ ਅਖੀਰ ਵਿੱਚ ਯੂਕ੍ਰੇਨ 'ਤੇ ਹਮਲਾ ਕਰ ਕੇ ਡੋਨਬਾਸ ਖੇਤਰ ਦੇ ਦੋ ਹਿੱਸਿਆਂ ਨੂੰ ਸਵੈ-ਘੋਸ਼ਿਤ ਲੋਕ ਗਣਰਾਜਾਂ ਵਜੋਂ ਮਾਨਤਾ ਦਿੱਤੀ। ਬੇਲਾਰੂਸ ਤੋਂ ਇਲਾਵਾ ਦੁਨੀਆ ਦੇ ਕਿਸੇ ਵੀ ਦੇਸ਼ ਨੇ ਇਨ੍ਹਾਂ ਖੇਤਰਾਂ ਨੂੰ ਸੁਤੰਤਰ ਪ੍ਰਦੇਸ਼ਾਂ ਵਜੋਂ ਮਾਨਤਾ ਨਹੀਂ ਦਿੱਤੀ ਹੈ। ਇਸ ਖੇਤਰ ਨੂੰ ਸਭ ਤੋਂ ਵੱਧ ਰੂਸੀ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਇਹ ਇਲਾਕੇ ਪੂਰੀ ਤਰ੍ਹਾਂ ਰੂਸ ਦੇ ਕਬਜ਼ੇ ਵਿਚ ਆ ਚੁੱਕੇ ਹਨ। ਇਸ ਕਾਰਨ ਯੂਕ੍ਰੇਨ ਦੀ ਫੌਜ ਰੂਸ ਪੱਖੀ ਵਿਦਰੋਹੀਆਂ ਨੂੰ ਮਿਜ਼ਾਈਲ ਹਮਲਿਆਂ ਰਾਹੀਂ ਨਿਸ਼ਾਨਾ ਬਣਾ ਰਹੀ ਹੈ। ਕਈ ਵਾਰ ਆਮ ਨਾਗਰਿਕ ਵੀ ਇਨ੍ਹਾਂ ਹਮਲਿਆਂ ਦੀ ਚਪੇਟ ਵਿਚ ਆ ਜਾਂਦੇ ਹਨ। ਇਸ ਕਾਰਨ ਲੋਕਾਂ ਦੇ ਵਿਸਥਾਪਨ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਟਰੈਕਟਰ ਟਰੇਲਰ ਦੀ ਕਈ ਗੱਡੀਆਂ ਨਾਲ ਟੱਕਰ, 1 ਵਿਅਕਤੀ ਦੀ ਮੌਤ ਅਤੇ ਦਰਜਨਾਂ ਜ਼ਖਮੀ

ਯੂਕ੍ਰੇਨ ਦੇ ਨਾਗਰਿਕਾਂ ਨੂੰ ਦਿੱਤੇ ਜਾ ਰਹੇ ਰੂਸੀ ਪਾਸਪੋਰਟ

18 ਫਰਵਰੀ ਨੂੰ ਪੁਤਿਨ ਨੇ ਡੋਨੇਟਸਕ ਅਤੇ ਲੁਹਾਨਸਕ ਤੋਂ ਰੂਸ ਪਹੁੰਚਣ ਵਾਲੇ ਹਰੇਕ ਵਿਅਕਤੀ ਨੂੰ 10,000 ਰੂਬਲ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ। ਹੁਣ ਸਾਰੇ ਯੂਕ੍ਰੇਨੀ ਨਾਗਰਿਕਾਂ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਰੂਸ ਪਹਿਲਾਂ ਹੀ ਯੂਕ੍ਰੇਨ ਦੇ ਨਿਵਾਸੀਆਂ ਨੂੰ ਰੂਸੀ ਪਾਸਪੋਰਟ ਵੰਡ ਰਿਹਾ ਹੈ। ਜਿੱਥੇ ਯੂਕ੍ਰੇਨ ਅਤੇ ਅਮਰੀਕਾ ਦਾ ਕਹਿਣਾ ਹੈ ਕਿ ਰੂਸ ਡੋਨਬਾਸ 'ਤੇ ਜ਼ਬਰਦਸਤੀ ਕਬਜ਼ਾ ਕਰਕੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ। ਉੱਥੇ ਰੂਸ ਦਾ ਕਹਿਣਾ ਹੈ ਕਿ ਉਹ ਆਪਣੀ ਸੁਰੱਖਿਆ ਅਤੇ ਰੂਸੀ ਬੋਲਣ ਵਾਲਿਆਂ ਦੀ ਰੱਖਿਆ ਲਈ ਇੱਕ ਵਿਸ਼ੇਸ਼ ਫੌਜੀ ਕਾਰਵਾਈ ਕਰ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News