ਪੁਤਿਨ ਨੇ ਯੂਕ੍ਰੇਨ ਦੇ ਇਲਾਕਿਆਂ ਨੂੰ ਰੂਸ ’ਚ ਸ਼ਾਮਲ ਕਰਨ ਦੀ ਮਨਾਈ ਵਰ੍ਹੇਗੰਢ
Sunday, Oct 01, 2023 - 03:19 PM (IST)

ਕੀਵ (ਭਾਸ਼ਾ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਇਕ ਸਾਲ ਪਹਿਲਾਂ ਰੂਸ ਨਾਲ ਜੋੜੇ ਗਏ ਯੂਕ੍ਰੇਨ ਦੇ ਚਾਰ ਖੇਤਰਾਂ ਨੇ ‘ਸਵੈ-ਇੱਛਾ ਨਾਲ ਰੂਸ ਨੂੰ ਆਪਣੀ ਜਨਮ ਭੂਮੀ ਵਜੋਂ ਸਵੀਕਾਰ ਕਰ ਲਿਆ ਹੈ। ਰੂਸ ਵਿਚ ਚਾਰ ਯੂਕ੍ਰੇਨੀ ਖੇਤਰਾਂ ਦੇ ਸ਼ਾਮਲ ਹੋਣ ਦੀ ਪਹਿਲੀ ਵਰ੍ਹੇਗੰਢ ’ਤੇ ਦੇਰ ਰਾਤ ਇਕ ਬਿਆਨ ਵਿਚ ਪੁਤਿਨ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਖੇਤਰਾਂ ਨੂੰ ਸ਼ਾਮਲ ਕਰਨ ਲਈ ‘ਅੰਤਰਰਾਸ਼ਟਰੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ।'
ਉਨ੍ਹਾਂ ਦਾਅਵਾ ਕੀਤਾ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਹੋਈਆਂ ਸਥਾਨਕ ਚੋਣਾਂ ਵਿਚ ਡੋਨੇਟਸਕ, ਲੁਹਾਨਸਕ, ਜ਼ਪੋਰੋਜ਼ਿਆ ਅਤੇ ਖੇਰਸਾਨ ਦੇ ਲੋਕਾਂ ਨੇ ਇਕ ਵਾਰ ਫਿਰ ਰੂਸ ਦਾ ਹਿੱਸਾ ਬਣਨ ਦੀ ਇੱਛਾ ਪ੍ਰਗਟਾਈ ਹੈ। ਰੂਸ ਦੇ ਕੇਂਦਰੀ ਚੋਣ ਕਮਿਸ਼ਨ ਨੇ ਕਿਹਾ ਕਿ ਉਪਰੋਕਤ 4 ਖੇਤਰਾਂ ਦੀਆਂ ਚੋਣਾਂ ਵਿਚ ਦੇਸ਼ ਵਿਚ ਸੱਤਾਧਾਰੀ ਪਾਰਟੀ ਨੇ ਜ਼ਿਆਦਾਤਰ ਸੀਟਾਂ ਜਿੱਤੀਆਂ ਹਨ। ਹਾਲਾਂਕਿ ਪੱਛਮੀ ਦੇਸ਼ਾਂ ਨੇ ਪਿਛਲੇ ਸਾਲ ਹੋਏ ਅਖੌਤੀ ਜਨਮਤ ਸੰਗ੍ਰਹਿ ਅਤੇ ਇਸ ਸਾਲ ਹੋਈ ਵੋਟਿੰਗ ਨੂੰ ਸ਼ਰਮਨਾਕ ਦੱਸਦੇ ਹੋਏ ਰੱਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ: 'ਕੁੱਲ੍ਹੜ ਪਿੱਜ਼ਾ' ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੀ ਔਰਤ ਆਈ ਕੈਮਰੇ ਦੇ ਸਾਹਮਣੇ, ਥਾਣੇ ਬਾਹਰ ਕੀਤਾ ਹੰਗਾਮਾ
ਸ਼ੁੱਕਰਵਾਰ ਨੂੰ ਯੂਕ੍ਰੇਨ ਦੇ 4 ਖੇਤਰਾਂ ਦੇ ਰੂਸ ਵਿਚ ਸ਼ਾਮਲ ਹੋਣ ਦੀ ਵਰ੍ਹੇਗੰਢ ’ਤੇ ਮਾਸਕੋ ਦੇ ਮਸ਼ਹੂਰ ਰੈੱਡ ਸਕੁਏਅਰ ’ਤੇ ਇਕ ‘ਕੰਸਰਟ’ ਦਾ ਆਯੋਜਨ ਕੀਤਾ ਗਿਆ ਸੀ ਪਰ ਪੁਤਿਨ ਨੇ ਇਸ ਵਿਚ ਹਿੱਸਾ ਨਹੀਂ ਲਿਆ। ਪੁਤਿਨ ਦਾ ਸੰਬੋਧਨ ਉਦੋਂ ਆਇਆ ਜਦੋਂ ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿਚ 1 ਅਕਤੂਬਰ ਤੋਂ ਲਾਜ਼ਮੀ ਫੌਜੀ ਸੇਵਾ ਲਈ 1,30,000 ਲੋਕਾਂ ਦੀ ਭਰਤੀ ਕਰੇਗਾ। ਮੰਤਰਾਲੇ ਨੇ ਐਲਾਨ ਕੀਤਾ ਕਿ ਉਹ ਪਹਿਲੀ ਵਾਰ ਆਪਣੀ ਦੋ-ਸਾਲਾ ਫੌਜੀ ਭਰਤੀ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਦੇ ਸ਼ਾਮਲ ਖੇਤਰਾਂ ਦੇ ਲੋਕਾਂ ਨੂੰ ਮੌਕਾ ਪ੍ਰਦਾਨ ਕਰੇਗਾ। ਰੂਸ ਦਾ ਕਹਿਣਾ ਹੈ ਕਿ ਫੌਜਾਂ ਨੂੰ ਯੂਕ੍ਰੇਨ ਵਿਚ ‘ਵਿਸ਼ੇਸ਼ ਫੌਜੀ ਕਾਰਵਾਈਆਂ’ ਦੇ ਹਿੱਸੇ ਵਜੋਂ ਜਾਂ ਕਬਜ਼ੇ ਵਾਲੇ ਖੇਤਰਾਂ ਵਿਚ ਸੇਵਾ ਕਰਨ ਲਈ ਤਾਇਨਾਤ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਦੀ ਸੇਵਾ ਤੋਂ ਬਾਅਦ ਸਿਪਾਹੀ ਆਪਣੇ ਆਪ ਹੀ ਰਿਜ਼ਰਵ ਸਿਪਾਹੀ ਬਣ ਜਾਂਦੇ ਹਨ। ਰੂਸ ਨੇ ਯੂਕ੍ਰੇਨ ਵਿਚ ਪਹਿਲੀ ਵਾਰ ਰਿਜ਼ਰਵ ਕਰਮਚਾਰੀ ਤਾਇਨਾਤ ਕੀਤੇ ਹਨ।
ਯੂਕ੍ਰੇਨ ਦੇ ਅੰਸ਼ਿਕ ਤੌਰ ’ਤੇ ਕਬਜ਼ੇ ਵਾਲੇ ਦੱਖਣੀ ਜ਼ਪੋਰੋਜ਼ੀਆ ਖੇਤਰ ਦੇ ਗਵਰਨਰ ਸੂਰੀ ਮਾਲਸ਼ਕੋ ਨੇ ਕਿਹਾ ਕਿ ਖੇਤਰੀ ਰਾਜਧਾਨੀ ਦੇ ਬਾਹਰਵਾਰ ਉੱਤਰ-ਪੂਰਬੀ ਪਿੰਡ ਮਾਟਾਵਿਵਕਾ ਵਿਚ ਸ਼ਨੀਵਾਰ ਨੂੰ ਦੋ ਮਿਜ਼ਾਈਲ ਹਮਲਿਆਂ ਵਿਚ ਪੰਜ ਲੋਕ ਜ਼ਖਮੀ ਹੋ ਗਏ। ਯੂਕ੍ਰੇਨ ਦੀ ਹਵਾਈ ਸੈਨਾ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਓਡੇਸਾ, ਮਾਈਕੋਲਾਈਵ ਅਤੇ ਵਿਨਿਤਸੀਆ ਸੂਬਿਆਂ ਨੂੰ ਨਿਸ਼ਾਨਾ ਬਣਾਉਣ ਲਈ ਰੂਸ ਵੱਲੋਂ ਭੇਜੇ ਗਏ 40 ਈਰਾਨੀ ਕਾਮੀਕਾਜ਼ ਡਰੋਨਾਂ ਵਿਚੋਂ 30 ਨੂੰ ਡੇਗ ਦਿੱਤਾ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਥਾਣੇ 'ਚ ਜਾਣ ਤੋਂ ਪਹਿਲਾਂ ਪੜ੍ਹੋ ਅਹਿਮ ਖ਼ਬਰ, ਲਾਗੂ ਹੋਇਆ ਨਵਾਂ ਨਿਯਮ
ਵਿਨਿਤਸੀਆ ਦੇ ਖੇਤਰੀ ਗਵਰਨਰ ਸ਼ੇਰਹੀ ਬੋਰਜ਼ੋਵ ਨੇ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀਆਂ ਨੇ ਉਸ ਦੇ ਕੇਂਦਰੀ ਯੂਕ੍ਰੇਨੀ ਖੇਤਰ ਵਿਚ 20 ਡਰੋਨਾਂ ਨੂੰ ਡੇਗ ਦਿੱਤਾ ਪਰ ਡਰੋਨ ਕਾਲਿਨਿਵਕਾ ਕਸਬੇ ਵਿਚ ਬੁਨਿਆਦੀ ਢਾਂਚੇ ਨਾਲ ਟਕਰਾ ਗਿਆ, ਜਿਸ ਕਾਰਨ ਭਿਆਨਕ ਅੱਗ ਲੱਗ ਗਈ। ਰੋਮਾਨੀਆ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਤ ਭਰ ਬੰਬ ਧਮਾਕਿਆਂ ਦੌਰਾਨ ਉਸ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਗਈ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਦੱਖਣੀ ਬੇਲਗੋਰੋਡ ਖੇਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਯੂਕ੍ਰੇਨ ਵੱਲੋਂ ਦਾਗੇ ਗਏ 9 ਰਾਕੇਟਾਂ ਨੂੰ ਨਕਾਮ ਕਰ ਦਿੱਤਾ। ਯੂਕ੍ਰੇਨ ਦੀ ਸਰਹੱਦ ਨਾਲ ਲੱਗਦੇ ਰੂਸ ਦੇ ਬ੍ਰਾਇੰਸਕ ਖੇਤਰ ਵਿਚ ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਇਕ ਅਣਪਛਾਤੇ ਹਮਲੇ ਕਾਰਨ ਪੋਗਰ ਸ਼ਹਿਰ ਵਿਚ ਬਿਜਲੀ ਸਪਲਾਈ ਵਿਚ ਵਿਘਨ ਪਿਆ ਹੈ।
ਇਹ ਵੀ ਪੜ੍ਹੋ: ਪੁਲਸ ਦੀ ਗੱਡੀ 'ਤੇ ਬੈਠ ਰੀਲ ਬਣਾਉਣ ਵਾਲੀ 'ਸ਼ੇਰ ਦੀ ਸ਼ੇਰਨੀ' ਆਈ ਕੈਮਰੇ ਸਾਹਮਣੇ, ਲੋਕਾਂ 'ਤੇ ਕੱਢੀ ਭੜਾਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ