ਯੂਕ੍ਰੇਨ ’ਤੇ ਹਮਲਿਆਂ ਦਰਮਿਆਨ ਪੁਤਿਨ ਨੇ ਪ੍ਰਮਾਣੂ ਹਥਿਆਰ ਵਰਤਣ ਦੀ ਦਿੱਤੀ ਧਮਕੀ

Friday, Feb 25, 2022 - 05:32 PM (IST)

 ਵਾਰਸਾ (ਏ. ਪੀ.) : ਦੁਨੀਆ ਦੇ ਕਿਸੇ ਨੇਤਾ ਵੱਲੋਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਖੁੱਲ੍ਹੇਆਮ ਧਮਕੀ ਦਿੱਤੇ ਜਾਣ ਨੂੰ ਕਾਫ਼ੀ ਸਮਾਂ ਹੋ ਗਿਆ ਹੈ ਪਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਖਿਰਕਾਰ ਅਜਿਹਾ ਹੀ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਹਾਲ ਹੀ ਦੇ ਸੰਬੋਧਨ ’ਚ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਰੂਸ ਨੂੰ ਯੂਕ੍ਰੇਨ ’ਤੇ ਕਬਜ਼ਾ ਕਰਨ ਤੋਂ ਰੋਕਣ ਦੀ ਹਿੰਮਤ ਕਰਦਾ ਹੈ ਤਾਂ ਉਨ੍ਹਾਂ (ਮਾਸਕੋ) ਕੋਲ ਜਵਾਬ ਦੇਣ ਲਈ ਪ੍ਰਮਾਣੂ ਹਥਿਆਰ ਹਨ। ਉਨ੍ਹਾਂ ਦੀ ਇਸ ਧਮਕੀ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ। ਲੋਕਾਂ ਦੇ ਮਨਾਂ ’ਚ ਸਵਾਲ ਉੱਠ ਜਾ ਰਹੇ ਹਨ ਕਿ ਕੀ ਪੁਤਿਨ ਦੀ ਯੂਕ੍ਰੇਨ ਨੂੰ ਆਪਣੇ ਨਾਲ ਜੋੜਨ ਦੀ ਲਾਲਸਾ ਕਿਸੇ ਦੁਰਘਟਨਾ ਜਾਂ ਗ਼ਲਤ ਅਨੁਮਾਨ ਦੀ ਵਜ੍ਹਾ ਕਾਰਨ ਪ੍ਰਮਾਣੂ ਯੁੱਧ ਨੂੰ ਹਵਾ ਦੇ ਸਕਦੀ ਹੈ। ਪੁਤਿਨ ਨੇ ਯੂਕ੍ਰੇਨ ’ਤੇ ਹਮਲੇ ਤੋਂ ਪਹਿਲਾਂ ਵੀਰਵਾਰ ਨੂੰ ਆਪਣੇ ਸੰਬੋਧਨ ’ਚ ਕਿਹਾ ਸੀ, ‘‘ਤੱਤਕਾਲੀ ਸੋਵੀਅਤ ਸੰਘ ਟੁੱਟਣ ਤੋਂ ਬਾਅਦ ਫ਼ੌਜੀ ਤੌਰ ’ਤੇ ਆਪਣੀਆਂ ਸਮਰੱਥਾਵਾਂ ਦਾ ਇਕ ਵੱਡਾ ਹਿੱਸਾ ਗੁਆਉਣ ਤੋਂ ਬਾਅਦ ਵੀ ਰੂਸ ਅੱਜ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਣੂ ਦੇਸ਼ਾਂ ’ਚੋਂ ਇਕ ਹੈ।’’ ਉਨ੍ਹਾਂ ਨੇ ਕਿਹਾ ਸੀ, ‘‘ਰੂਸ ਕਈ ਆਧੁਨਿਕ ਹਥਿਆਰਾਂ ਦੇ ਮਾਮਲੇ ’ਚ ਵੀ ਕਾਫ਼ੀ ਮਜ਼ਬੂਤ ​​ਸਥਿਤੀ ’ਚ ਹੈ। ਇਸ ਦੇ ਮੱਦੇਨਜ਼ਰ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਸੰਭਾਵੀ ਹਮਲਾਵਰ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਸਾਡੇ ਦੇਸ਼ ’ਤੇ ਹਮਲਾ ਕਰਨ ਦੇ ਨਤੀਜੇ ਭਿਆਨਕ ਹੋਣਗੇ।’’

ਇਹ ਵੀ ਪੜ੍ਹੋ : ਰੂਸ ਦੇ ਹਮਲਿਆਂ ਨਾਲ ਦੂਜੇ ਦਿਨ ਵੀ ਦਹਿਲਿਆ ਯੂਕ੍ਰੇਨ, ਰਾਸ਼ਟਰਪਤੀ ਜ਼ੇਲੇਂਸਕੀ ਵੱਲੋਂ ਜੰਗਬੰਦੀ ਦੀ ਅਪੀਲ

ਪ੍ਰਮਾਣੂ ਪ੍ਰਤੀਕਿਰਿਆ ਦੇ ਸੰਕੇਤ ਦੇ ਕੇ ਪੁਤਿਨ ਨੇ ਉਨ੍ਹਾਂ ਖ਼ਦਸ਼ਿਆਂ ਨੂੰ ਤਾਕਤ ਦਿੱਤੀ ਹੈ ਕਿ ਯੂਕ੍ਰੇਨ ’ਚ ਜਾਰੀ ਲੜਾਈ ਅੱਗੇ ਜਾ ਕੇ ਰੂਸ ਤੇ ਅਮਰੀਕਾ ਵਿਚਾਲੇ ਪ੍ਰਮਾਣੂ ਯੁੱਧ ਵਿਚ ਤਬਦੀਲ ਹੋ ਸਕਦੀ ਹੈ। ਵੱਡੀ ਤਬਾਹੀ ਦੇ ਇਸ ਮੰਜ਼ਰ ਤੋਂ ਉਹ ਲੋਕ ਜਾਣੂ ਹਨ, ਜੋ ਠੰਡੀ ਜੰਗ ਦੇ ਦੌਰ ’ਚ ਵੱਡੇ ਹੋਏ, ਜਦੋਂ ਅਮਰੀਕੀ ਵਿਦਿਆਰਥੀਆਂ ਨੂੰ ਪ੍ਰਮਾਣੂ ਸਾਇਰਨ ਵੱਜਣ ’ਤੇ ਸਕੂਲ ’ਚ ਆਪਣੇ ਡੈਸਕਾਂ ਦੇ ਹੇਠਾਂ ਲੁਕਣ ਲਈ ਕਿਹਾ ਜਾਂਦਾ ਸੀ। ਹਾਲਾਂਕਿ, ਬਰਲਿਨ ਦੀ ਦੀਵਾਰ ਦੇ ਡਿੱਗਣ ਅਤੇ ਤਤਕਾਲੀ ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਇਹ ਖ਼ਤਰਾ ਹੌਲੀ-ਹੌਲੀ ਮਿਟ ਗਿਆ, ਜਦੋਂ ਦੋਵੇਂ ਸ਼ਕਤੀਆਂ ਨਿਸ਼ਸਤਰੀਕਰਨ, ਜਮਹੂਰੀਅਤ ਅਤੇ ਖੁਸ਼ਹਾਲੀ ਦੇ ਰਾਹ ’ਤੇ ਚੱਲ ਪਈਆਂ। ਇੰਨਾ ਹੀ ਨਹੀਂ, 1945 ਤੋਂ ਬਾਅਦ ਕਿਸੇ ਵੀ ਦੇਸ਼ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਹੈ। ਉਸ ਸਾਲ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਨੇ ਜਾਪਾਨ ’ਤੇ ਇਸ ਭਰੋਸੇ ਨਾਲ ਪ੍ਰਮਾਣੂ ਬੰਬ ਸੁੱਟਣ ਦਾ ਹੁਕਮ ਦਿੱਤਾ ਕਿ ਇਹ ਦੂਜੇ ਵਿਸ਼ਵ ਯੁੱਧ ਨੂੰ ਜਲਦੀ ਖ਼ਤਮ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੋਵੇਗਾ। ਇਸ ਕਦਮ ਨੇ ਦੂਜੇ ਵਿਸ਼ਵ ਯੁੱਧ ਦਾ ਅੰਤ ਵੀ ਕੀਤਾ ਪਰ ਹੀਰੋਸ਼ੀਮਾ ਅਤੇ ਨਾਗਾਸਾਕੀ ’ਚ ਲਗਭਗ 200,000 ਲੋਕ ਮਾਰੇ ਗਏ, ਜਿਨ੍ਹਾਂ ’ਚ ਜ਼ਿਆਦਾਤਰ ਨਾਗਰਿਕ ਸਨ। ਅੱਜ ਵੀ ਦੁਨੀਆ ਭਰ ਦੇ ਬਹੁਤ ਸਾਰੇ ਲੋਕ ਇਸ ਨੂੰ ਮਨੁੱਖਤਾ ਵਿਰੁੱਧ ਅਪਰਾਧ ਮੰਨਦੇ ਹਨ ਅਤੇ ਸਵਾਲ ਕਰਦੇ ਹਨ ਕਿ ਕੀ ਪ੍ਰਮਾਣੂ ਹਮਲਾ ਜ਼ਰੂਰੀ ਸੀ।


Manoj

Content Editor

Related News