ਮੋਦੀ ਸਰਕਾਰ ਖਿਲਾਫ ਸਪੇਨ ''ਚ ਪੰਜਾਬੀਆਂ ਨੇ ਚੌਥੀ ਕਾਰ ਰੈਲੀ ਕੱਢ ਕਿਸਾਨਾਂ ਦੀ ਕੀਤੀ ਹਮਾਇਤ
Tuesday, Feb 23, 2021 - 01:50 AM (IST)
ਬਾਰਸੀਲੋਨਾ (ਰਾਜੇਸ਼) - ਕੇਂਦਰ ਸਰਕਾਰ ਦੇ 3 ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਐਤਵਾਰ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਚ ਪੰਜਾਬੀ ਪ੍ਰਵਾਸੀਆਂ ਨੇ ਚੌਥੀ ਵਾਰ ਕਿਸਾਨਾਂ ਦੀ ਹਮਾਇਤ ਕਰਦਿਆਂ ਆਪਣੇ ਗੱਡੀਆਂ ਦੇ ਕਾਫਲੇ ਨਾਲ ਕਾਰ ਕਿਸਾਨ ਰੈਲੀ ਕੱਢੀ। ਇਸ ਰੈਲੀ ਵਿਚ ਸਪੇਨ ਭਰ ਤੋਂ ਵੱਡੀ ਗਿਣਤੀ ਵਿਚ ਬੱਚਿਆਂ ਤੋਂ ਲੈ ਕੇ ਨੌਜਵਾਨ ਅਤੇ ਬਜ਼ੁਰਗ ਸ਼ਾਮਲ ਹੋਏ। ਇਸ ਵਿਚ 800 ਤੋਂ ਜ਼ਿਆਦਾ ਵਾਹਨ ਸ਼ਾਮਲ ਹੋਏ ਸਨ। ਰੈਲੀ ਵਿਚ ਸ਼ਾਮਲ ਲੋਕਾਂ ਨੇ ਮੋਦੀ ਸਰਕਾਰ ਖਿਲਾਫ ਨਾਅਰੇ ਲਾ ਕੇ ਆਪਣੀ ਭੜਾਸ ਕੱਢੀ।
ਰੈਲੀ ਨੂੰ ਸੰਬੋਧਨ ਕਰਦਿਆਂ ਐੱਨ. ਆਰ. ਆਈ. ਦੇ ਕੋਆਰਡੀਨੇਟਰ ਅਤੇ ਗੁਰਦੁਆਰਾ ਸੈਂਟਰ ਦੇ ਪ੍ਰਧਾਨ ਗੋਬਿੰਦਰ ਸਿੰਘ ਪੂਰੇਵਾਲ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਨਵੇਂ ਖੇਤੀਬਾੜੀ ਨੂੰ ਰੱਦ ਕਰ ਕੇ ਕਿਸਾਨਾਂ ਨੂੰ ਜਲਦ ਵਾਪਸ ਆਪਣੇ ਘਰਾਂ ਨੂੰ ਭੇਜ ਦੇਣਾ ਚਾਹੀਦਾ ਹੈ। ਦਿੱਲੀ ਪੁਲਸ ਨੇ ਸਾਡੇ ਕਿਸਾਨ ਵੀਰਾਂ 'ਤੇ ਨਾਜਾਇਜ਼ ਕੇਸ ਦਰਜ ਕੀਤੇ। ਉਨ੍ਹਾਂ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜੇਲ ਵਿਚ ਬੰਦ ਕਿਸਾਨਾਂ ਨੂੰ ਜਲਦ ਰਿਹਾਅ ਕਰਾਉਣ।
ਇਸ ਦੌਰਾਨ ਗੁਰਦੁਆਰਾ ਉੱਚ ਦਰ ਬਾਬੇ ਨਾਨਕ ਦਾ ਦੇ ਪ੍ਰਧਾਨ ਕੁਲਜਿੰਦਰ ਸਿੰਧ ਧਨੋਆ ਅਤੇ ਘਨ੍ਹਈਆਂ ਕਲੱਬ ਦੇ ਆਗੂ ਡਾ. ਗੁਰਮੀਤ ਸਿੰਘ ਹੋਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਮੋਦੀ ਸਰਕਾਰ ਸਿੱਖਿਆ ਵਿਭਾਗ, ਸਿਹਤ ਵਿਭਾਗ ਅਤੇ ਹੋਰ ਕਈ ਸਰਕਾਰੀ ਖੇਤਰਾਂ ਨੂੰ ਨਿੱਜੀ ਖੇਤਰ ਵਿਚ ਤਬਦੀਲ ਕਰ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦਿੱਤਾ ਹੈ। ਇਸ ਨਾਲ ਭਾਰਤ ਦੇ ਹਰ ਵਰਗ ਦਾ ਵਿਅਕਤੀ ਪ੍ਰਭਾਵਿਤ ਹੋਇਆ। ਅੰਬਾਨੀ ਅਤੇ ਅਡਾਣੀ ਦੀਆਂ ਨਜ਼ਰਾਂ ਕਿਸਾਨਾਂ ਦੇ ਖੇਤਾਂ 'ਤੇ ਹਨ। ਰੈਲੀ ਦੇ ਪ੍ਰਬੰਧਕ ਗਗਨਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਅਸੀਂ ਬਾਰਸੀਲੋਨਾ ਪੁਲਸ ਦੇ ਧੰਨਵਾਦੀ ਹਾਂ। ਜਿਨ੍ਹਾਂ ਨੇ ਸਾਨੂੰ ਕਿਸਾਨਾਂ ਦੀ ਹਮਾਇਤ ਕਰਨ ਲਈ ਚੌਥੀ ਵਾਰ ਸ਼ਾਂਤਮਈ ਢੰਗ ਨਾਲ ਕਾਰ ਕਿਸਾਨ ਰੈਲੀ ਕਰਨ ਦੀ ਇਜਾਜ਼ਤ ਦਿੱਤੀ।