ਫਰਿਜ਼ਨੋ ਦੇ ਗੋਲਡਨ ਪੈਲਸ ''ਚ ਤੀਆਂ ਮੌਕੇ ਲੱਗੀਆਂ ਖ਼ੂਬ ਰੌਣਕਾਂ

07/27/2019 3:49:21 PM

ਫਰਿਜ਼ਨੋ (ਨੀਟਾ ਮਾਛੀਕੇ)— ਜਿੱਥੇ ਪੰਜਾਬ ਵਿੱਚੋਂ ਸਾਡੇ ਰਵਾਇਤੀ ਤਿਉਹਾਰ ਅਲੋਪ ਹੋ ਰਹੇ ਹਨ, ਓਥੇ ਹੀ ਪ੍ਰਦੇਸਾਂ 'ਚ ਇਹ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਫਰਿਜ਼ਨੋ ਸ਼ਹਿਰ 'ਚ ਪੰਜਾਬੀਆਂ ਦੀ ਸੰਘਣੀ ਵਸੋਂ ਹੋਣ ਕਰਕੇ ਇਸ ਨੂੰ ਇੱਕ ਮਿੰਨੀ ਪੰਜਾਬ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਸਾਉਣ ਮਹੀਨੇ ਨੂੰ ਮੁੱਖ ਰੱਖ ਕੇ ਸਥਾਨਕ 'ਗੋਲਡਨ ਪੈਲਸ ਹਾਲ' ਵਿੱਚ ਤੀਆਂ ਦਾ ਤਿਉਹਾਰ ਸੱਜ-ਧੱਜ ਆਈਆਂ ਮੁਟਿਆਰਾਂ ਨੇ ਬੜੇ ਧੂਮ ਧੜੱਕੇ ਨਾਲ ਮਨਾਇਆ।

ਇਸ ਮੌਕੇ ਜਿੱਥੇ ਮੁਟਿਆਰਾਂ ਨੇ ਨੱਚ-ਨੱਚ ਕੇ ਅੰਬਰੀ ਧੂੜ੍ਹ ਚਾੜ੍ਹ ਦਿੱਤੀ, ਉੱਥੇ ਮੁਟਿਆਰਾਂ ਨੇ ਫੈਸ਼ਨ ਸ਼ੋਅ 'ਚ ਵੀ ਭਾਗ ਲਿਆ ਅਤੇ ਵੱਖੋ-ਵੱਖ ਉਮਰ ਵਰਗ 'ਚ ਮਿਸ ਅਤੇ ਮਿਸਜ਼ ਪੰਜਾਬਣ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਚਾਰ ਮੁਟਿਆਆਰਾਂ ਚੁਣੀਆਂ ਗਈਆਂ ਤੇ ਉਨ੍ਹਾਂ ਨੂੰ ਤਾਜ ਪਹਿਨਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ  ਜਸ਼ਨ ਗਿੱਲ, ਡਾ. ਮਨਦੀਪ ਕੌਰ, ਗਿੱਧੇ ਦੀ ਕੋਚ ਤਰਨਦੀਪ ਕੌਰ ਨੇ ਬਾਖੂਬੀ ਨਿਭਾਈ। ਸਟੇਜ ਸੰਚਾਲਨ ਸ਼ਾਇਰਾਨਾ ਅੰਦਾਜ਼ ਵਿੱਚ ਉੱਘੀ ਗਾਇਕਾ ਜੋਤ ਰਣਜੀਤ ਨੇ ਕੀਤਾ। ਇਸ ਮੌਕੇ ਗਿੱਧੇ ਤੋਂ ਬਿਨਾਂ ਔਰਤਾਂ ਨੇ ਰਵਾਇਤੀ ਗੀਤ, ਲੋਕ ਗੀਤ ਅਤੇ ਕੋਰੀਓ ਗ੍ਰਾਫੀ ਨਾਲ ਖ਼ੂਬ ਰੰਗ ਬੰਨ੍ਹਿਆ। ਅਖੀਰ ਅਮਿੱਟ ਪੈੜ੍ਹਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।


Related News