ਮਾਰਾਡੋਨਾ ਦੀ ਗੋਲਡਨ ਬਾਲ ਟਰਾਫੀ ਦੀ ਨਿਲਾਮੀ ਮੁਲਤਵੀ

Sunday, Jun 02, 2024 - 06:18 PM (IST)

ਮਾਰਾਡੋਨਾ ਦੀ ਗੋਲਡਨ ਬਾਲ ਟਰਾਫੀ ਦੀ ਨਿਲਾਮੀ ਮੁਲਤਵੀ

ਪੈਰਿਸ : ਫਰਾਂਸ ਦੇ ‘ਨਿਲਾਮੀ ਘਰ’ ਮੈਕਸਿਮਿਲੀਅਨ ਐਗੁਟਸ ਨੇ ਐਤਵਾਰ ਨੂੰ ਕਿਹਾ ਕਿ ਮਾਲਕੀ ਵਿਵਾਦ ਤੇ ਨਿਆਂਇਕ ਜਾਂਚ ਕਾਰਨ ਮਰਹੂਮ ਫੁੱਟਬਾਲਰ ਡਿਏਗੋ ਮਾਰਾਡੋਨਾ ਵੱਲੋਂ 1986 ਵਿਸ਼ਵ ਕੱਪ ਵਿੱਚ ਜਿੱਤੀ ਗਈ ਗੋਲਡਨ ਬਾਲ ਟਰਾਫੀ ਦੀ ਨਿਲਾਮੀ ਮੁਲਤਵੀ ਕਰ ਦਿੱਤੀ ਗਈ ਹੈ। ਫਰਾਂਸ ਦੀ ਇਕ ਅਦਾਲਤ ਨੇ ਇਸ ਹਫਤੇ ਮਾਰਾਡੋਨਾ ਦੇ ਵਾਰਸਾਂ ਦੇ ਵਿਰੋਧ ਦੇ ਬਾਵਜੂਦ ਟਰਾਫੀ ਦੀ ਨਿਲਾਮੀ ਕਰਨ ਦਾ ਹੁਕਮ ਦਿੱਤਾ ਸੀ। 

ਮਾਰਾਡੋਨਾ ਨੂੰ ਵਿਸ਼ਵ ਕੱਪ 1986 ਵਿੱਚ ਸਰਵੋਤਮ ਖਿਡਾਰੀ ਚੁਣਿਆ ਗਿਆ ਜਿਸ ਲਈ ਉਸਨੂੰ ਗੋਲਡਨ ਬਾਲ ਟਰਾਫੀ ਮਿਲੀ। ਇਸ ਸਟਾਰ ਖਿਡਾਰੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਨਿਲਾਮੀ ਨੂੰ ਰੋਕਣ ਲਈ ਅਦਾਲਤ ਤੱਕ ਪਹੁੰਚ ਕੀਤੀ ਸੀ। ਮੈਕਸੀਮਿਲੀਅਨ ਐਗੁਟਸ ਨੇ ਇੱਕ ਬਿਆਨ ਵਿੱਚ ਕਿਹਾ, “ਹਾਲ ਹੀ ਦੇ ਅਦਾਲਤੀ ਫੈਸਲੇ ਦੇ ਬਾਵਜੂਦ ਇਹ ਨਿਲਾਮੀ ਜਾਰੀ ਸੀ। ਪਰ ਅਸੀਂ ਇਸ ਨਿਲਾਮੀ ਨੂੰ ਵਿਕਰੇਤਾ ਅਤੇ ਖਰੀਦਦਾਰ ਦੋਵਾਂ ਲਈ ਸਭ ਤੋਂ ਵਧੀਆ ਹਾਲਤਾਂ ਵਿੱਚ ਕਰਵਾਉਣਾ ਚਾਹੁੰਦੇ ਹਾਂ। ਮੁਕੱਦਮੇਬਾਜ਼ੀ ਅਤੇ ਅਨਿਸ਼ਚਿਤਤਾ ਦੇ ਇਸ ਮਾਹੌਲ ਵਿੱਚ, ਇਹ ਨਿਲਾਮੀ ਸ਼ਾਂਤੀਪੂਰਵਕ ਨਹੀਂ ਹੋਵੇਗੀ ਅਤੇ ਇੱਕ ਤੀਜੀ ਧਿਰ ਵਜੋਂ ਸਾਡੀ ਭੂਮਿਕਾ ਨੂੰ ਸਹੀ ਢੰਗ ਨਾਲ ਪੂਰਾ ਨਹੀਂ ਕੀਤਾ ਜਾਵੇਗਾ। ''ਨਿਲਾਮੀ ਦੀ ਨਵੀਂ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ।

ਫ੍ਰੈਂਚ ਨਿਆਂਇਕ ਅਥਾਰਟੀਆਂ ਨੇ ਪਿਛਲੇ ਮਹੀਨੇ ਕਥਿਤ ਤੌਰ 'ਤੇ ਚੋਰੀ ਹੋਏ ਸਮਾਨ ਦੀ ਮੁੜ ਵਿਕਰੀ ਸੰਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ, ਜੋ ਅਦਾਲਤ ਦੇ ਫੈਸਲੇ ਦੇ ਬਾਵਜੂਦ ਜਾਰੀ ਸੀ। ਇਹ ਗੋਲਡਨ ਬਾਲ ਟਰਾਫੀ ਸਾਲਾਂ ਤੋਂ ਗਾਇਬ ਰਹੀ ਅਤੇ ਕੁਝ ਸਾਲ ਪਹਿਲਾਂ ਹੀ ਲੱਭੀ ਗਈ ਸੀ। ਮਾਰਾਡੋਨਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਟਰਾਫੀ ਚੋਰੀ ਹੋ ਗਈ ਸੀ ਅਤੇ ਇਸ ਦਾ ਮੌਜੂਦਾ ਮਾਲਕ ਇਸ ਦੀ ਨਿਲਾਮੀ ਨਹੀਂ ਕਰ ਸਕਦਾ। ਮਾਰਾਡੋਨਾ ਦੀ ਅਗਵਾਈ ਵਿੱਚ ਅਰਜਨਟੀਨਾ ਨੇ ਮੈਕਸੀਕੋ ਸਿਟੀ ਵਿੱਚ ਖੇਡੇ ਗਏ ਫਾਈਨਲ ਵਿੱਚ ਪੱਛਮੀ ਜਰਮਨੀ ਨੂੰ 3-2 ਨਾਲ ਹਰਾ ਕੇ 1986 ਦਾ ਵਿਸ਼ਵ ਕੱਪ ਜਿੱਤਿਆ ਸੀ। ਮਾਰਾਡੋਨਾ ਦੀ ਮੌਤ 2020 ਵਿੱਚ 60 ਸਾਲ ਦੀ ਉਮਰ ਵਿੱਚ ਹੋਈ ਸੀ। 


author

Tarsem Singh

Content Editor

Related News