ਸਰੀ ''ਚ ਮਨਾਇਆ ਗਿਆ ''ਮੇਲਾ ਤੀਆਂ ਦਾ'', ਵੱਡੀ ਗਿਣਤੀ ''ਚ ਪੁੱਜੀਆਂ ਮੁਟਿਆਰਾਂ ਨੇ ਮੇਲੇ ਦਾ ਮਾਣਿਆ ਆਨੰਦ
Monday, Jun 17, 2024 - 07:25 PM (IST)

ਵੈਨਕੂਵਰ (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੀ 132 ਸਟ੍ਰੀਟ 'ਤੇ ਸਥਿਤ ਤਾਜ ਪਾਰਕ ਹਾਲ 'ਚ ਸ਼ਨੀਵਾਰ ਦੀ ਸ਼ਾਮ ਨੂੰ ਐੱਸ.3 ਮਿਊਜ਼ਿਕ ਪ੍ਰੋਡਕਸ਼ਨ ਦੇ ਸਹਿਯੋਗ ਨਾਲ 'ਮੇਲਾ ਤੀਆਂ ਦਾ' ਆਯੋਜਿਤ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਪੰਜਾਬੀ ਮੁਟਿਆਰਾਂ ਸਮੇਤ ਹਰੇਕ ਵਰਗ ਦੀ ਉਮਰ ਦੀਆਂ ਪੰਜਾਬੀ ਔਰਤਾਂ ਨੇ ਬੜੇ ਉਤਸ਼ਾਹ ਨਾਲ ਸ਼ਿਰਕਤ ਕਰ ਕੇ ਮੇਲੇ ਦਾ ਆਨੰਦ ਮਾਣਿਆ।
ਸ਼ਾਮੀ 3 ਵਜੇ ਤੋਂ ਰਾਤ 9 ਵਜੇ ਤੱਕ ਨਿਰੰਤਰ ਚੱਲੇ ਇਸ ਮੇਲੇ 'ਚ ਆਯੋੋਜਿਤ ਰੰਗਾਰੰਗ ਪ੍ਰੋਗਰਾਮ ਦੌਰਾਨ ਉੱਘੇ ਗਾਇਕ ਸ਼ਿਵਜੋਤ, ਸੰਦੀਪ ਬਰਾੜ, ਮਨਜੋਤ ਢਿੱਲੋ ਅਤੇ ਨੇਹਾ ਬਤਰਾ ਵੱਲੋਂ ਪੇਸ਼ ਕੀਤੇ ਆਪਣੇ ਚੋਣਵੇਂ ਗੀਤਾਂ 'ਤੇ ਵੱਡੀ ਗਿਣਤੀ 'ਚ ਉੱਥੇ ਮੌਜੂਦ ਮੁਟਿਆਰਾਂ ਝੂੰਮਦੀਆਂ ਨਜ਼ਰ ਆਈਆਂ।
ਉੱਘੇ ਹੋਸਟ ਗੌਰਵ ਸ਼ਾਹ ਅਤੇ ਲਵੀ ਪਨੂੰ ਵੱਲੋਂ ਪੇਸ਼ ਕੀਤੀਆਂ ਹਾਸਰਸ ਝਲਕੀਆ ਨਾਲ ਮੇਲੇ ਦਾ ਮਾਹੌਲ ਲਗਾਤਾਰ ਦਿਲਚਸਪ ਬਣਿਆ ਰਿਹਾ। ਪੰਜਾਬੀ ਵਿਰਸੇ ਨਾਲ ਸਬੰਧਿਤ ਹਾਲ 'ਚ ਸਿੰਗਾਰ ਕੇ ਸਜਾਏ ਗਏ ਪੁਰਾਤਨ ਚਰਖੇ, ਸਕੂਟਰ ਅਤੇ ਰਿਕਸ਼ੇ ਨਾਲ ਕੁਝ ਮੁਟਿਆਰਾਂ 'ਸੈਲਫੀਆਂ' ਲੈਣ 'ਚ ਵੀ ਮਸ਼ਰੂਫ ਨਜ਼ਰ ਆਈਆਂ। ਅਖੀਰ 'ਚ ਮੇਲੇ ਦੇ ਆਯੋਜਿਕਾਂ 'ਚੋਂ ਸੇਵੀ ਸਿੰਘ ਨੇ ਮੇਲੇ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e