ਕੈਨੇਡਾ ''ਚ ਗੁਰਦਾਸ ਮਾਨ ਦੇ ਪ੍ਰੋਗਰਾਮਾਂ ‘ਤੇ ਵਿਰੋਧ ਦੀਆਂ ਆਵਾਜ਼ਾਂ ਤੇਜ਼
Sunday, Mar 29, 2026 - 01:42 PM (IST)
ਡੈਲਟਾ ਕੈਨੇਡਾ (ਸਰਬਜੀਤ ਸਿੰਘ ਬਨੂੜ)- ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਕੈਨੇਡਾ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਨੂੰ ਲੈ ਕੇ ਪੰਜਾਬੀ ਭਾਈਚਾਰੇ ਦੇ ਇੱਕ ਹਿੱਸੇ ਵੱਲੋਂ ਵਿਰੋਧ ਦੀਆਂ ਆਵਾਜ਼ਾਂ ਉੱਠਣ ਲੱਗੀਆਂ ਹਨ। ਕੁਝ ਸਿੱਖ ਅਤੇ ਪੰਜਾਬੀ ਸੰਗਠਨਾਂ ਨੇ ਪ੍ਰਮੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਲਾਕਾਰ ਦੀ ਚੋਣ ਕਰਦੇ ਸਮੇਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣ।
ਇਸ ਮਾਮਲੇ ਸਬੰਧੀ ਉੱਘੇ ਸਮਾਜ ਸੇਵੀ ਚਰਨਜੀਤ ਸਿੰਘ ਸੁੱਜੋਂ ਨੇ ਕਿਹਾ ਕਿ ਜਿਨ੍ਹਾਂ ਕਲਾਕਾਰਾਂ ਦੇ ਬਿਆਨਾਂ ਕਾਰਨ ਪਹਿਲਾਂ ਹੀ ਵਿਵਾਦ ਖੜ੍ਹੇ ਹੋ ਚੁੱਕੇ ਹਨ, ਉਨ੍ਹਾਂ ਨੂੰ ਵਿਦੇਸ਼ੀ ਸਟੇਜਾਂ ਦੇਣਾ “ਮਾਂ ਬੋਲੀ ਦੀ ਸੇਵਾ” ਦੇ ਦਾਅਵੇ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਈ ਮੌਕਿਆਂ ‘ਤੇ ਕਲਾਕਾਰ ਦੇ ਬਿਆਨਾਂ ਨੇ ਲੋਕਾਂ ਦੇ ਧਾਰਮਿਕ ਅਤੇ ਸਾਂਸਕ੍ਰਿਤਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਪ੍ਰੋਗਰਾਮ ਸਮੇਂ ਗੁਰਦਾਸ ਮਾਨ ਭੱਦੀ ਸ਼ਬਦਾਵਲੀ ਵਰਤਣ ਕਾਰਨ ਚਰਚਾ ਵਿੱਚ ਆਏ ਸਨ ਤੇ ਜਨਤਕ ਮਾਫ਼ੀ ਮੰਗ ਕੇ ਮਸਲਾ ਠੰਡੇ ਬਸਤੇ ਪਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਕਿਆਮਤ ਦੀ ਨਿਸ਼ਾਨੀ! ਆਸਟ੍ਰੇਲੀਆ 'ਚ ਅਸਮਾਨ ਹੋਇਆ ਲਾਲ-ਸੂਹਾ, ਦਹਿਸ਼ਤ 'ਚ ਆਏ ਲੋਕ (ਵੀਡੀਓ)
ਯਾਦ ਰਹੇ ਕਿ 2020-21 ਵਿੱਚ ਕਿਸਾਨ ਅੰਦੋਲਨ ਦੌਰਾਨ ਵੀ ਕੁਝ ਥਾਵਾਂ ‘ਤੇ ਗਾਇਕ ਦੇ ਖਿਲਾਫ਼ ਵਿਰੋਧ ਸਾਹਮਣੇ ਆਇਆ ਸੀ, ਜਿੱਥੇ ਉਨ੍ਹਾਂ ਨੂੰ ਸਟੇਜ ‘ਤੇ ਬੋਲਣ ਤੋਂ ਰੋਕਿਆ ਗਿਆ ਸੀ। ਵਿਰੋਧ ਕਰ ਰਹੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਉਹ ਆਪਣੇ ਅਧਿਕਾਰਾਂ ਅਨੁਸਾਰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਗੀਆਂ ਅਤੇ ਪ੍ਰਮੋਟਰਾਂ ਨੂੰ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਜਾਰੀ ਰੱਖਣਗੀਆਂ। ਦੂਜੇ ਪਾਸੇ ਕੁਝ ਲੋਕ ਇਸ ਗੱਲ ‘ਤੇ ਵੀ ਜ਼ੋਰ ਦੇ ਰਹੇ ਹਨ ਕਿ ਹਰ ਕਲਾਕਾਰ ਨੂੰ ਆਪਣਾ ਮਤ ਪ੍ਰਗਟ ਕਰਨ ਦਾ ਅਧਿਕਾਰ ਹੈ ਅਤੇ ਸੰਵਾਦ ਰਾਹੀਂ ਮਸਲਿਆਂ ਦਾ ਹੱਲ ਲੱਭਣਾ ਚਾਹੀਦਾ ਹੈ। ਫਿਲਹਾਲ ਇਸ ਮਾਮਲੇ ਨੇ ਵਿਦੇਸ਼ੀ ਪੰਜਾਬੀ ਭਾਈਚਾਰੇ ਵਿੱਚ ਚਰਚਾ ਨੂੰ ਤੇਜ਼ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸਦੇ ਹੋਰ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
