ਪੰਜਾਬੀ ਗੱਭਰੂ ਕਮਲਦੀਪ ਨੇ ਅਮਰੀਕਾ ਵਿੱਚ ਜਿੱਤਿਆ ਮਾਣਮੱਤਾ ਖਿਤਾਬ

11/10/2018 7:18:32 PM

ਮੈਲਬੋਰਨ (ਮਨਦੀਪ ਸਿੰਘ ਸੈਣੀ )-ਸਖ਼ਤ ਮਿਹਨਤ ਅਤੇ ਲਗਨ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟ ਚੁੱਕੇ ਮੈਲਬੋਰਨ ਸ਼ਹਿਰ ਦੇ ਪੰਜਾਬੀ ਨੌਜਵਾਨ ਕਮਲਦੀਪ ਸਿੰਘ ਕਾਹਮਾ ਨੇ ਬੀਤੇ ਦਿਨੀਂ ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਵਿੱਚ ਹੋਏ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਮਿਸਟਰ ਵਰਲਡ 2018 (ਫਿੱਟਨੈੱਸ) ਦਾ ਖਿਤਾਬ ਹਾਸਲ ਕੀਤਾ ਹੈ। ਕਮਲਦੀਪ ਕਾਹਮਾ ਪਹਿਲੇ ਆਸਟ੍ਰੇਲੀਆਈ ਭਾਰਤੀ ਹਨ, ਜੋ ਕਿ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਆਸਟ੍ਰੇਲੀਆ ਦੀ ਤੀਜੀ ਵਾਰ ਪ੍ਰਤੀਨਿਧਤਾ ਕਰ ਚੁੱਕੇ ਹਨ।

ਇਸ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ 191 ਪ੍ਰਤੀਯੋਗੀਆਂ ਨੇ ਭਾਗ ਲਿਆ ਸੀ ਪਰ ਕਮਲਦੀਪ ਕਾਹਮਾ ਨੇ ਆਪਣੇ ਹੁਨਰ, ਸਖਤ ਘਾਲਣਾ, ਤਜ਼ਰਬੇ ਅਤੇ ਕਾਬਲੀਅਤ ਦੇ ਦਮ 'ਤੇ ਇਹ ਖਿਤਾਬ ਹਾਸਲ ਕਰਕੇ ਪੰਜਾਬੀ ਭਾਈਚਾਰੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੁਸ਼ਨਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਮਲਦੀਪ ਕਾਹਮਾ ਮਿਸਟਰ ਵਰਲਡ (ਫਿੱਟਨੈੱਸ) 2018 ਜਿੱਤਣ ਤੋਂ ਇਲਾਵਾ ਇਸ ਸਾਲ ਆਸਟ੍ਰੇਲੀਆ ਵਿੱਚ ਹੋਏ ਬਾਡੀ ਬਿਲਡਿੰਗ ਮੁਕਾਬਲਿਆਂ 'ਚ ਮਿਸਟਰ ਵਿਕਟੋਰੀਆ 2018 ਅਤੇ ਮਿਸਟਰ ਆਸਟ੍ਰੇਲ਼ੀਆ 2018 ਦਾ ਜੇਤੂ ਤਾਜ ਵੀ ਆਪਣੇ ਨਾਂ ਕਰ ਚੁੱਕੇ ਹਨ।

ਪੰਜਾਬ ਦੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਪਿੰਡ ਕਾਹਮਾ ਦਾ ਇਹ ਨੌਜਵਾਨ ਮੈਲਬੋਰਨ ਵਿੱਚ ਜਿੰਮ ਚਲਾ ਰਿਹਾ ਹੈ ਅਤੇ ਪੰਜਾਬੀ ਭਾਈਚਾਰੇ ਤੇ ਆਸਟ੍ਰੇਲੀਆਈ ਲੋਕਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਇਸ ਮੁਕਾਮ 'ਤੇ ਪਹੁੰਚਣ ਲਈ ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਮਲਦੀਪ ਨੇ ਦੱਸਿਆ ਕਿ ਲੋਕਾਂ ਵਲੋਂ ਮਿਲੇ ਸਹਿਯੋਗ ਅਤੇ ਦੁਆਵਾਂ ਕਾਰਨ ਹੀ ਇਹ ਸੰਭਵ ਹੋਇਆ ਹੈ।


Sunny Mehra

Content Editor

Related News