ਪੰਜਾਬਣਾਂ ਨੇ ਪਰਥ ਮੇਲੇ ‘ਚ ਬੰਨ੍ਹਿਆ ਪੰਜਾਬੀਅਤ ਦਾ ਰੰਗ

09/21/2020 10:02:50 AM

ਬ੍ਰਿਸਬੇਨ,  (ਸੁਰਿੰਦਰਪਾਲ ਸਿੰਘ ਖੁਰਦ)- ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਵਿਖੇ 'ਮੇਲਾ ਪਰਥ ਪੰਜਾਬਣਾਂ ਦਾ 2020' ਪੰਜਾਬੀਅਤ ਦੀ ਰੰਗਤ  ਨਾਲ ਸੰਪੰਨ ਹੋਇਆ। ਮੇਲੇ ਵਿੱਚ ਰਵਾਇਤੀ ਪੰਜਾਬੀ ਪਹਿਰਾਵੇ ਨਾਲ ਸਮੂਹ ਮੁਟਿਆਰਾਂ, ਮਾਤਾਵਾਂ ਅਤੇ ਬੱਚਿਆਂ ਦੀ ਹਾਜ਼ਰੀ ਕਾਬਲੇ ਤਾਰੀਫ਼ ਰਹੀ।

ਲਿਸ਼-ਲਿਸ਼ ਕਰਦੇ ਪੰਜਾਬੀ ਸੂਟ, ਗਹਿਣੇ, ਪਰਾਂਦੀਆਂ, ਫੁਲਕਾਰੀਆਂ ਅਤੇ ਪੰਜਾਬੀ ਜੁੱਤੀਆਂ ਕਿਸੇ ਪੁਰਾਣੇ ਪੰਜਾਬ ਦੇ ਮੇਲਿਆਂ ਦੀਆਂ ਬਾਤਾਂ ਪਾਉਂਦੇ ਪ੍ਰਤੀਤ ਹੋਏ। ਮੁਟਿਆਰਾਂ ਅਤੇ ਬਾਲੜੀਆਂ ਵੱਲੋਂ ਪੰਜਾਬੀ ਗੀਤ-ਸੰਗੀਤ ਨਾਲ ਗਿੱਧਾ-ਭੰਗੜਾ ਆਦਿ ਦੀਆਂ ਵੰਨਗੀਆਂ ਨਾਲ ਇਸ ਸ਼ਾਮ ਨੂੰ ਸਿਖਰ ਤੱਕ ਪਹੁੰਚਾਇਆ। ਮੁਟਿਆਰ ਪੰਜਾਬਣ 2020 ਦਾ ਖਿਤਾਬ ‘ਜੱਸ ਬਰਾੜ ਗਿੱਲ’ ਨੇ ਜਿੱਤਿਆ ਜਦੋਂ ਕਿ ਮੁਟਿਆਰ ਸੁੱਖ ਬੈਂਸ, ਬੈਸਟ ਮਾਡਲ ਨਵਨੀਤ ਸੰਧੂ, ਨਿਰੋਲ ਪੰਜਾਬਣ ਹਰਪ੍ਰੀਤ ਰੁਪਾਣਾ, ਖੂਬਸੂਰਤ ਪੰਜਾਬਣ ਦਪਿੰਦਰ ਬਰਾੜ, ਗਿੱਧਿਆਂ ਦੀ ਰਾਣੀ ਜਸ ਗਿੱਲ, ਵਧੀਆ ਸਜੀ-ਸਵਰੀ ਪੰਜਾਬਣ ਹਰਜਿੰਦਰ ਕੌਰ ਆਦਿ ਨੂੰ ਜੱਜ ਹਰਜੀਤ ਗਿੱਲ, ਗੁਰਪ੍ਰੀਤ ਬਰਾੜ ਅਤੇ ਰੁਪਾਲੀ ਸੰਦੀਪ ਬਿਬਰਾ ਨੇ ਨਿਰਪੱਖਤਾ ਨਾਲ ਚੁਣਿਆ। 

ਮੇਲੇ ਦੇ ਮੁੱਖ ਪ੍ਰਬੰਧਕ ਨਰਿੰਦਰ ਕੌਰ ਸੰਧੂ ਅਤੇ ਸੁਖਪਾਲ ਸੰਧੂ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਭਾਰਤੀ ਖਾਣਾ, ਮਹਿੰਦੀ ਤੇ ਵੰਗਾਂ ਦੀ ਹੱਟ, ਪੰਜਾਬੀ ਸੂਟ, ਫੁਲਕਾਰੀਆਂ, ਪੰਜਾਬੀ ਜੁਤੀਆਂ ਆਦਿ ਦੇ ਸਟਾਲ ਖਿੱਚ ਦਾ ਕੇਂਦਰ ਰਹੇ।ਮੰਚ ਸੰਚਾਲਿਕਾ ਗੀਤ ਬਾਵਾ ਨੇ ਆਪਣੀ ਮਿਆਰੀ ਸ਼ਾਇਰੀ, ਲੋਕ ਤੱਥਾਂ ਅਤੇ ਪੰਜਾਬੀ ਬੋਲੀਆਂ ਨਾਲ ਸਾਹਿਤਕ ਰੰਗ ਬੰਨਦਿਆਂ ਆਪਣੀ ਕਲਾ ਦਾ ਲੋਹਾ ਮੰਨਵਾਇਆ। ਇਸ ਮੌਕੇ ਨਰਿੰਦਰ ਸੰਧੂ ਨੇ ਕਿਹਾ ਕਿ ਇਹ ਮੇਲਾ ਪੂਰੀ ਤਰਾਂ ਪੰਜਾਬੀਅਤ ਦੀ ਬਾਤ ਪਾਉਂਦਾ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ‘ਚ ਕਾਮਯਾਬ ਰਿਹਾ ਹੈ।


Lalita Mam

Content Editor

Related News