ਪੰਜਾਬੀਆਂ ਦੇ ਵਿਆਹ ''ਚ ਇਟਲੀ ਦੇ ਗੋਰਿਆਂ ਨੂੰ ਚੜ੍ਹਿਆ ਜਾਗੋ ਦਾ ਚਾਅ
Thursday, Jan 28, 2021 - 11:42 AM (IST)
ਮਿਲਾਨ,(ਸਾਬੀ ਚੀਨੀਆ)- ਪੰਜਾਬੀ ਸੱਭਿਆਚਾਰ ਕਿੰਨਾ ਅਮੀਰ ਤੇ ਪ੍ਰਭਾਵਸ਼ਾਲੀ ਹੈ ਇਸ ਗੱਲ ਨੂੰ ਲਫਜ਼ਾਂ ਵਿਚ ਬਿਆਨ ਕਰਨਾ ਸਮੁੰਦਰ ਦੇ ਪਾਣੀ ਨੂੰ ਘੜੇ ਵਿਚ ਬੰਦ ਕਰਨ ਦੇ ਬਰਾਬਰ ਹੈ। ਪੰਜਾਬੀ ਗੀਤਾਂ 'ਤੇ ਭੰਗੜਾ ਪਾਉਣ ਵਾਲੇ ਗੋਰੇ-ਗੋਰੀਆਂ ਪੰਜਾਬੀ ਪਹਿਰਾਵੇ ਦੇ ਵੀ ਸ਼ੌਕੀਨ ਹਨ ਪਰ ਇਟਲੀ ਵਿਚ ਇਕ ਵਿਆਹ ਮੌਕੇ ਇਟਾਲੀਅਨ ਗੋਰੇ-ਗੋਰੀਆਂ ਨੇ ਜਾਗੋ ਚੁੱਕ ਕੇ ਬਹੁਤ ਵਾਹੋ-ਵਾਹੀ ਖੱਟੀ। ਇਹ ਪਹਿਲੀ ਵਾਰ ਹੋਇਆ ਜਦੋਂ ਪੰਜਾਬੀਆਂ ਦੇ ਵਿਆਹ ਸਮਾਗਮ ਵਿਚ ਇਟਾਲੀਅਨ ਗੋਰੇ-ਗੋਰੀਆ ਨੂੰ ਸਿਰਾਂ 'ਤੇ ਜਾਗੋ ਚੁੱਕ ਕੇ ਵਿਆਹ ਦੇ ਜਸ਼ਨ ਮਨਾਉਂਦਿਆ ਵੇਖਿਆ ਗਿਆ।
ਨਜ਼ਾਰਾ ਵੇਖਿਆ ਹੀ ਬਣਦਾ ਸੀ, ਜਦੋਂ ਕੁਝ ਇਟਾਲੀਅਨ ਲੋਕ "ਜੱਟਾ ਜਾਗ ਵਈ ਹੁਣ ਜਾਗੋ ਆਈ ਹੈ ਗੀਤ ਗੁਣ ਗੁਣਾਉਂਦੇ ਤੇ ਡੰਡੇ ਖੜਾਕਾਉਂਦੇ ਹੋਏ ਭੰਗੜੇ ਪਾ ਰਹੇ ਸਨ। ਇਟਲੀ 'ਚ ਮਿੰਨੀ ਪੰਜਾਬ ਕਰਕੇ ਜਾਣੇ ਜਾਂਦੇ ਜ਼ਿਲ੍ਹਾ ਲਾਤੀਨਾ ਦੇ ਸ. ਜੈਮਲ ਸਿੰਘ ਗਾਖਲ ਦੀ ਸਪੁੱਤਰੀ ਗੁਰਪ੍ਰੀਤ ਕੌਰ ਦੇ ਵਿਆਹ ਦੀ ਜਾਗੋ ਵਿਚ ਪਹੁੰਚੇ ਇਟਾਲੀਅਨ ਮਹਿਮਾਨਾਂ ਵੱਲੋਂ ਜਾਗੋ ਕੱਢਦਿਆਂ ਪੰਜਾਬੀ ਰੰਗ ਵਿਚ ਰੰਗਿਆਂ ਨੇ ਖੂਬ ਰੌਣਕਾਂ ਲਾਈਆਂ ।
ਕਾਕਾ ਮਨਿੰਦਰਪ੍ਰੀਤ ਸਿੰਘ ਨੂੰ ਵਿਆਹੁਣ ਆਏ ਬਰਾਤੀਆਂ ਨੇ ਆਪਣੀਆਂ ਗੱਡੀਆਂ ਉੱਪਰ ਕਿਰਸਾਨੀ ਝੰਡੇ ਲਾਏ ਹੋਏ ਸਨ। ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੈ।