ਵਿਦੇਸ਼ਾਂ ''ਚ ਅੱਜ ਵੀ ਕਾਇਮ ਹੈ ਪੰਜਾਬੀ ਸੱਭਿਆਚਾਰ

09/03/2019 11:19:00 PM

ਲੰਡਨ (ਰਾਜ ਸਮਰਾ) - ਇੰਗਲੈਂਡ ਦੇ ਇਕ ਛੋਟੇ ਜਿਹੇ ਸ਼ਹਿਰ ਵੈਸਟ ਬਰੋਸ ਬਰਮਿੰਘਮ ਵਿਚ ਸਾਉਣ ਦੇ ਮਹੀਨੇ ਦਾ ਤੀਆਂ ਦਾ ਤਿਓਹਾਰ ਅਮਨਪ੍ਰੀਤ ਅਤੇ ਹਰਪ੍ਰੀਤ ਕੌਰ ਦੀ ਬਦੌਲਤ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਤੀਆਂ ਦਾ ਨਾਂ ਲੈਂਦਿਆਂ ਹੀ ਮਨ ਵਿਚ ਸਰੂਰ ਜਿਹਾ ਭਰ ਜਾਂਦਾ ਹੈ। ਕੁੜੀਆਂ-ਚਿੜੀਆਂ, ਮੁਟਿਆਰਾਂ, ਵਿਆਂਹਦੜਾਂ ਤੇ ਹੋਰ ਸਭ ਔਰਤਾਂ ਦੇ ਮਨਾਂ ਵਿਚ ਖੇੜਾ ਭਰ ਜਾਣਾ ਤਾਂ ਸੁਭਾਵਕ ਹੈ। ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵਿਚ ਆਪਣੇ ਸੱਭਿਆਚਾਰਕ ਪ੍ਰੋਗਰਾਮ ਨੂੰ ਲੈ ਕੇ ਇੰਨਾ ਉਤਸ਼ਾਹ ਹੈ ਕਿ ਉਹ ਪੂਰੀ ਰੀਝ ਨਾਲ ਆਪਣੇ ਤਿਓਹਾਰਾਂ ਨੂੰ ਮਨਾਉਂਦੇ ਹਨ। 

ਤੀਆਂ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਸ਼ੁਰੂ ਹੁੰਦੀਆਂ ਹਨ ਅਤੇ ਪੁੰਨਿਆਂ ਨੂੰ ਖਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਂਦੇ ਹਨ। ਨਵੀਆਂ ਵਿਆਹੀਆਂ ਮੁਟਿਆਰਾਂ ਵਿਚ ਤੀਆਂ ਨੂੰ ਲੈ ਕੇ ਕੁਝ ਖਾਸਾ ਹੀ ਜੋਸ਼ ਹੁੰਦਾ ਹੈ ਤੀਆਂ ਦੇ ਬਹਾਨੇ ਕੁਝ ਦਿਨ ਪੇਕੇ ਘਰ ਰਹਿਣਾ ਅਤੇ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਮਿਲਣ ਦਾ ਅਤੇ ਸਹੁਰਿਆਂ ਦੀਆਂ ਗਲਾਂ ਕਰਨ ਦਾ ਚੰਗਾ ਸਮਾਂ ਮਿਲ ਜਾਂਦਾ ਹੈ, ਸਾਉਣ ਮਹੀਨੇ ਦਾ ਤਿਉਹਾਰ ਵਿਆਹੀਆਂ ਹੋਈਆਂ ਮੁਟਿਆਰਾਂ ਅਤੇ ਅਣ ਵਿਆਹੀਆਂ ਮੁਟਿਆਰਾਂ ਲਈ ਸ਼ਗਨਾਂ ਵਾਲਾ ਤਿਉਹਾਰ ਬਣ ਜਾਦਾ ਹੈ । ਨਚਣ ਟਪਣ ਦੇ ਨਾਲ ਨਾਲ ਰੀਝਾਂ, ਸਹੇਲਪੁਣਾਂ, ਤੇ ਪਿਆਰਾਂ ਦੀਆਂ ਗਲਾਂ ਵੀ ਇਹਨਾਂ ਦੇ ਤਿਉਹਾਰ ਦੀ ਖੁਸ਼ੀ ਦੁਗਣੀ ਕਰਨ ਦਿੰਦਾ ਹੈ । ਸਾਉਣ ਮਹੀਨੇ ਦਾ ਮੌਸਮ ਕੁਦਰਤੀ ਨਜਾਰਾ ਦਰਸਾਉਂਦਾ ਹੈ ਤਨ ਅਤੇ ਮਨ ਲਈ ਅਸਮਾਨ ਵਿਚ ਉਡਦੇ ਕਾਲੇ ਬਦਲ, ਕਾਲੀਆਂ ਘਟਾਵਾਂ, ਨਿਕੀਆ ਨਿਕੀਆਂ ਕਣੀਆਂ ਦੀ ਰਿਮਝਿਮ ਅਜੀਬ ਕਿਸਮ ਦਾ ਵਖਰਾ ਨਜਾਰਾ ਹੁੰਦੇ ਹਨ ।

ਇਸ ਮੌਕੇ ਬਣਦੇ ਘਰਾਂ ਵਿਚ ਮਾਲਪੂੜੇ, ਖੀਰ ਅਤੇ ਹੋਰ ਵੰਨ ਸੁਵੰਨੇ ਪਕਵਾਨ ਬਚਿਆਂ ਅਤੇ ਬਜੁਰਗਾਂ ਨੂੰ ਸਾਉਣ ਦਾ ਅਹਿਸਾਸ ਦਿਵਾਉਂਦੇ ਹਨ, ਅਜਿਹੇ ਪਕਵਾਨਾਂ ਦਾ ਤੇ ਸਾਉਣ ਦੀਆਂ ਬੁਛਾਰਾ ਦਾ ਸਭਨਾਂ ਨੂੰ ਚਾਅ ਹੁੰਦਾ ਹੈ। ਮੌਸਮ ਦਾ ਜਾਦੂ ਨਵੀਆਂ ਵਿਆਹੀਆਂ ਮੁਟਿਆਰਾਂ ਅਤੇ ਅਣ ਵਿਆਹੀਆਂ ਮੁਟਿਆਰਾਂ (ਕੁਆਰੀਆਂ ਕੁੜੀਆਂ) ਤੇ ਕੁਝ ਖਾਸ ਹੀ ਹੁੰਦਾ ਹੈ ਕਈ ਕਈ ਦਿਨ ਘਰਾਂ ਵਿਚ ਵਿਆਹ ਵਰਗਾ ਮਾਹੌਲ ਬਣਿਆ ਰਹਿੰਦਾ ਹੈ। ਗਿੱਧੇ ਵਿਚ ਬੋਲੀਆਂ ਪਾਉਣੀਆਂ ਮਤਲਬ ਜਿਹੜੀਆਂ ਗੱਲਾਂ ਸਿਧੀਆਂ ਮੂੰਹ ਤੇ ਨਾ ਕਰ ਸਕਦੀਆਂ, ਉਹਨਾਂ ਲਈ ਤੀਆਂ ਦਾ ਤਿਉਹਾਰ ਸਹਾਈ ਹੋ ਜਾਂਦਾ ਹੈ।ਮਨਾਂ ਅੰਦਰ ਚਿਰਾਂ ਤੋਂ ਲਕੋ ਕੇ ਰਖੀਆਂ ਗਲਾਂ ਤੀਆਂ ਦੇ ਬਹਾਨੇ ਬਾਹਰ ਕਢਣੀਆਂ ਆਪਣੇ ਮਨਾਂ ਅੰਦਰੋ ਭਾਰ ਹੌਲਾ ਕਰਨ ਬਰਾਬਰ ਸਮਝਦੀਆਂ ਹਨ। ਪੰਜਾਬ ਅੰਦਰ ਔਰਤਾਂ ਦੀ ਭੂਮਿਕਾ ਸਲਾਹੁਣਯੋਗ ਹੁੰਦੀ ਹੈ ਵਿਆਹੀਆਂ ਔਰਤਾ ਆਪਣੇ ਹਰ ਚਾਅ ਪੂਰੇ ਕਰਦੀਆ ਹਨ ਅਤੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ।


Inder Prajapati

Content Editor

Related News