ਇਟਲੀ ਨਗਰ ਨਿਗਮ ਚੋਣਾਂ ਲਈ ਪੰਜਾਬੀ ਉਮੀਦਵਾਰ ਕਮਲਜੀਤ ਸਿੰਘ ਵਲੋਂ ਚੋਣ ਪ੍ਰਚਾਰ ਸ਼ੁਰੂ
Monday, Sep 07, 2020 - 03:11 PM (IST)
ਰੋਮ, (ਕੈਂਥ)- ਇਟਲੀ ਵਿਚ 20,21 ਸਤੰਬਰ 2020 ਨੂੰ ਕਈ ਸ਼ਹਿਰਾਂ ਵਿਚ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਟਲੀ ਦੇ ਲੋਨੀਗੋ (ਵਿਚੈਂਸਾ) ਸ਼ਹਿਰ ਤੋਂ ਇਸ ਵਾਰ ਪੰਜਾਬੀ ਨੌਜਵਾਨ ਸ. ਕਮਲਜੀਤ ਸਿੰਘ ਕਮਲ ਨੂੰ ਨਗਰ ਨਿਗਮ ਦੀਆਂ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ ਹੈ।
ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਗੀਗਨਵਾਲ (ਭੋਗਪੁਰ) ਦੇ ਜੰਮਪਲ ਕਮਲਜੀਤ ਸਿੰਘ ਪਿਛਲੇ 25 ਸਾਲਾਂ ਤੋਂ ਪਰਿਵਾਰ ਸਮੇਤ ਇਟਲੀ ਦੇ ਜ਼ਿਲ੍ਹਾ ਵਿਚੈਂਸਾ ਦੇ ਸ਼ਹਿਰ ਲੋਨੀਗੋ ਵਿਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਮਾਣ ਹੈ ਕਿ ਇਟਲੀ ਵਿਚ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਲਈ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ।
ਉਨ੍ਹਾਂ ਨੇ ਅੱਜ ਇਟਲੀ ਦੇ ਜਿਲ੍ਹਾ ਵਿਚੈਂਸਾ ਦੇ ਸ਼ਹਿਰ ਲੋਨੀਗੋ ਤੋਂ ਰਾਜਨੀਤਕ ਪਾਰਟੀ ਗੁਆਰਦਾ ਲੋਨੀਗੋ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ। ਗੌਰਤਲਬ ਹੈ ਕਿ ਕਮਲਜੀਤ ਸਿੰਘ ਕਮਲ ਇੱਕ ਉੱਘੇ ਸਮਾਜ ਸੇਵੀ ਅਤੇ ਇਲਾਕੇ ਵਿਚ ਇਟਾਲੀਅਨ ਭਾਈਚਾਰੇ ਅਤੇ ਭਾਰਤੀ ਭਾਈਚਾਰੇ ਵਿਚ ਚੰਗੀ ਸ਼ਖ਼ਸੀਅਤ ਵਜੋਂ ਪਹਿਚਾਣ ਰੱਖਦੇ ਹਨ। ਸ਼ਾਇਦ ਇਸ ਕਰਕੇ ਹੀ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀਆਂ ਚੋਣਾਂ ਲਈ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ।
ਉਨ੍ਹਾਂ ਲੋਨੀਗੋ ਕਮਿਊਨੇ ਵਿਚ ਰਹਿਣ ਵਾਲੇ ਸਾਰੇ ਉਨ੍ਹਾਂ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਭਾਰਤੀ ਨਗਰ ਨਿਗਮ ਦੀਆਂ ਚੋਣਾਂ ਪਾਉਣ ਲਈ ਯੋਗ ਹਨ, ਉਹ ਉਨ੍ਹਾਂ ਨੂੰ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਕਰਵਾਉਣ ਤਾ ਜੋ ਭਾਰਤੀ ਭਾਈਚਾਰੇ ਲਈ ਆ ਰਹੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾ ਸਕੇ।