ਪੰਜਾਬੀ ਨੌਜਵਾਨ ਦੀ ਮਨੀਲਾ 'ਚ ਗੋਲੀਆਂ ਮਾਰ ਕੇ ਹੱਤਿਆ
Thursday, Jul 25, 2019 - 09:25 PM (IST)

ਜਗਰਾਓਂ (ਮਾਲਵਾ)— ਪਿੰਡ ਗੁਰੂਸਰ ਕਾਉਂਕੇ ਦੇ ਰਹਿਣ ਵਾਲੇ ਨੌਜਵਾਨ ਦੀ ਮਨੀਲਾ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 10 ਸਾਲਾਂ ਤੋਂ ਗਗਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਗੁਰੂਸਰ ਕਾਉਂਕੇ ਆਪਣੇ ਭਰਾ ਅਮਨਦੀਪ ਸਿੰਘ ਨਾਲ ਮਨੀਲਾ ਵਿਚ ਫਾਇਨਾਂਸ ਕੰਮ ਕਰਦਾ ਸੀ। ਦੋਵੇਂ ਭਰਾਵਾਂ ਦਾ ਕੰਮ ਵਧੀਆ ਚੱਲ ਰਿਹਾ ਸੀ, ਕੁੱਝ ਸਮਾਂ ਪਹਿਲਾਂ ਅਮਨਦੀਪ ਸਿੰਘ ਇੰਡੀਆ ਵਾਪਸ ਆ ਗਿਆ ਤਾਂ ਸਾਰਾ ਕੰਮ ਗਗਨਦੀਪ ਸਿੰਘ ਹੀ ਸੰਭਾਲ ਰਿਹਾ ਸੀ। ਅੱਜ ਸਵੇਰੇ ਕਰੀਬ 11 ਵਜੇ ਜਦੋਂ ਉਹ ਆਪਣੇ ਕੰਮ ਲਈ ਜਾ ਰਿਹਾ ਸੀ ਤਾਂ ਕੁੱਝ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਗਈ। ਦੱਸਣਯੋਗ ਹੈ ਕਿ ਗਗਨਦੀਪ ਸਿੰਘ ਦਾ ਵਿਆਹ ਪਿੰਡ ਵਿਰਕ 'ਚ ਹੋਇਆ ਸੀ ਅਤੇ ਉਨ੍ਹਾਂ ਦੇ ਘਰ ਇਕ 3 ਸਾਲ ਦਾ ਬੱਚਾ ਵੀ ਹੈ। ਇਹ ਦਰਦਨਾਕ ਖ਼ਬਰ ਮਿਲਦੇ ਸਾਰ ਹੀ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।