ਅਮਰੀਕਾ ''ਚ ਸ਼ਹੀਦ ਫੌਜੀ ਗੁਰਪ੍ਰੀਤ ਸਿੰਘ ਦੀ 8ਵੀਂ ਬਰਸੀ ਮਨਾਈ
Sunday, Jun 16, 2019 - 03:47 PM (IST)

ਸੈਕਰਾਮੈਂਟੋ, (ਰਾਜ ਗੋਗਨਾ)— 8 ਸਾਲ ਪਹਿਲਾਂ ਅਮਰੀਕੀ ਫੌਜ ਵੱਲੋਂ ਅਫਗਾਨਿਸਤਾਨ 'ਚ ਲੜਾਈ ਲੜਦੇ ਹੋਏ ਗੁਰਪ੍ਰੀਤ ਸਿੰਘ ਨਾਂ ਦਾ ਪੰਜਾਬੀ ਸ਼ਹੀਦ ਹੋ ਗਿਆ ਸੀ। ਉਸ ਦੇ ਪਰਿਵਾਰ ਵੱਲੋਂ ਗੁਰਦੁਆਰਾ ਸੱਚਖੰਡ ਸਾਹਿਬ ਰੋਜ਼ਵਿਲ, ਸੈਕਰਾਮੈਂਟੋ ਵਿਖੇ 8ਵੀਂ ਬਰਸੀ ਮਨਾਈ ਗਈ। 3 ਦਿਨ ਚੱਲੇ ਇਸ ਸਮਾਗਮ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਇਲਾਹੀ ਬਾਣੀ ਦਾ ਕੀਰਤਨ ਹੋਇਆ।
ਇਸ ਦੌਰਾਨ ਗੁਰਪ੍ਰੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਅਮਰੀਕੀ ਫੌਜ ਵੱਲੋਂ ਮਰੀਨ ਕੋਰਪਸ ਲੀਗ ਫੋਲਸਮ, 'ਅਮਰੀਕਨ ਲੀਜਨ ਆਫ ਸਿਟਰਸ ਹਾਈਟਸ' ਦੇ ਵੈਟਰਨ ਅਤੇ ਪੈਟਰੀਓਟ ਗਾਰਡ ਰਾਈਡਰਜ਼, ਸੈਕਰਾਮੈਂਟੋ ਵੱਲੋਂ ਮਾਰਚ ਕੀਤਾ ਗਿਆ। ਅਮਰੀਕਾ ਅਤੇ ਫੌਜ ਦੇ ਝੰਡਿਆਂ ਨਾਲ ਇਸ ਪਰੇਡ ਦੀ ਅਗਵਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ 21 ਸਾਲ ਦੀ ਉਮਰ ਵਿਚ ਸ਼ਹੀਦੀ ਜਾਮ ਪੀ ਗਿਆ ਸੀ। ਪਿਤਾ ਨਿਰਮਲ ਸਿੰਘ ਅਤੇ ਮਾਤਾ ਸਤਨਾਮ ਕੌਰ ਦਾ ਉਹ ਇਕਲੌਤਾ ਪੁੱਤਰ ਸੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।