ਮੋਗੇ ਦੀ ਜੰਮਪਲ ਪੰਜਾਬਣ ਤਲਵਿੰਦਰ ਕੌਰ ਨੇ ਆਸਟ੍ਰੇਲੀਆਈ ਟਾਊਨ ਐਰਾਰਟ ਦੀ ਕੌਂਸਲ ਚੋਣ ਜਿੱਤੀ
Tuesday, Nov 19, 2024 - 03:07 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆਈ ਰਾਜ ਵਿਕਟੋਰੀਆ ਦੇ ਖੇਤਰ ਐਰਾਰਟ ਵਿਖੇ ਹੋਈਆਂ ਕੌਂਸਲ ਚੋਣਾਂ ਵਿੱਚ ਪੰਜਾਬੀ ਮੂਲ ਦੀ ਤਲਵਿੰਦਰ ਕੌਰ (ਟੈਲੀ ਕੌਰ) ਨੇ ਜਿੱਤ ਦਰਜ ਕੀਤੀ ਹੈ। ਟੈਲੀ, ਤਲਵਿੰਦਰ ਦਾ ਛੋਟਾ ਨਾਂ ਹੈ ਅਤੇ ਉਹ ਇਸ ਸਮੇਂ ਐਰਾਰਟ ਵਿਖੇ ਆਪਣੇ ਪਤੀ ਤੇ 2 ਬੱਚਿਆਂ ਨਾਲ ਰਹਿ ਰਹੀ ਹੈ। ਤਲਵਿੰਦਰ ਨੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਅਤੇ ਆਪਣੇ ਜ਼ਿੰਦਗੀ ਦੇ ਸਫ਼ਰ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਇਸ ਚੌਣ ਮੁਹਿੰਮ ਵਿੱਚ ਉਨ੍ਹਾਂ ਦੇ ਪਤੀ ਕਰਮਵੀਰ ਸਿੰਘ ਤੇ ਭਰਾ ਅਮਰਿੰਦਰ ਸਿੰਘ ਨੇ ਭਰਪੂਰ ਹਿੱਸਾ ਪਾਇਆ। ਸਭ ਤੋ ਵੱਡੀ ਗੱਲ ਇਹ ਸੀ ਉਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਸਲੀ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਪਿਆ। ਤਲਵਿੰਦਰ ਦਾ ਕਹਿਣਾ ਹੈ ਕਿ ਚੋਣ ਜਿੱਤਣ ਮਗਰੋਂ ਉਸ ਦੀ ਜਿੰਮੇਵਾਰੀ ਪਹਿਲਾਂ ਨਾਲੋਂ ਹੋਰ ਵੱਧ ਗਈ ਹੈ ਤੇ ਹੁਣ ਉਹ ਹੋਰ ਵਧੇਰੇ ਊਰਜਾ ਨਾਲ ਕੰਮ ਕਰੇਗੀ ਤਾਂ ਜੋ ਐਰਾਰਟ ਦੇ ਲੋਕਾਂ ਦਾ ਉਸ ਵਿੱਚ ਪ੍ਰਗਟਾਇਆ ਵਿਸ਼ਵਾਸ਼ ਹਮੇਸ਼ਾ ਕਾਇਮ ਰਹੇ।
ਟੈਲੀ ਨੇ ਦੱਸਿਆ ਕਿ ਉਹ ਮੋਗਾ ਦੇ ਪਿੰਡ ਕੋਕਰੀ ਕਲਾਂ ਦੀ ਜੰਮਪਲ ਹੈ ਤੇ ਸਧਾਰਣ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦਾ ਸਹੁਰਾ ਪਰਿਵਾਰ ਫਤਿਹਗੜ੍ਹ ਸਾਹਿਬ ਦੇ ਪਿੰਡ ਖਾਨਪੁਰ ਵਿੱਚ ਹੈ। ਟੈਲੀ 2008 ਵਿੱਚ ਚੰਗੇ ਭਵਿੱਖ ਦੀ ਭਾਲ ਵਿੱਚ ਆਪਣੇ ਪਤੀ ਕਰਮਵੀਰ ਸਿੰਘ ਨਾਲ ਆਸਟ੍ਰੇਲੀਆ ਆਈ ਸੀ ਤੇ ਮੈਲਬੋਰਨ ਲਾਗਲੇ ਇਲਾਕੇ ਬੈਲਾਰਟ ਦੀ ਫੈੱਡਰੇਸ਼ਨ ਯੂਨੀਵਰਸਿਟੀ ਵਿਖੇ ਪੜ੍ਹਾਈ ਕੀਤੀ। ਪੜ੍ਹਾਈ ਪੂਰੀ ਹੋਣ 'ਤੇ ਕੰਮਕਾਜ ਦੀਆਂ ਦਿੱਕਤਾਂ ਅਤੇ ਪੱਕੇ ਹੋਣ ਦੀਆਂ ਕੌਸ਼ਿਸ਼ਾਂ ਵਿੱਚ ਉਨ੍ਹਾਂ ਨੂੰ ਐਰਾਰਟ ਆਉਣਾ ਪਿਆ ਤੇ ਉਹ ਇੱਥੇ ਦੀ ਹੀ ਹੋ ਕੇ ਰਹਿ ਗਈ। ਇੱਥੇ ਹੀ ਆਰ. ਐੱਸ. ਐੱਲ. ਦੇ ਸਹਿਯੋਗ ਨਾਲ ਸ਼ੈੱਫ ਦੀ ਨੌਕਰੀ ਮਿਲੀ ਤੇ ਕਰੀਬ 12 ਸਾਲ ਸ਼ੈੱਫ ਦੇ ਤੌਰ 'ਤੇ ਕੰਮ ਕੀਤਾ। ਢਾਈ ਕੁ ਸਾਲ ਪਹਿਲਾਂ ਟੈਲੀ ਨੇ "ਐਰਾਰਟ ਨੇਬਰਹੁੱਡ ਹਾਊਸ" ਵਿੱਖੇ ਬਤੌਰ ਮੈਨੇਜਰ ਦੀ ਨੌਕਰੀ ਹਾਸਲ ਕੀਤੀ ਤੇ ਇਸ ਨੌਕਰੀ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ।
ਇਸ ਦੌਰਾਨ ਜਿੱਥੇ ਆਮ ਲੋਕਾਂ ਨਾਲ ਟੈਲੀ ਦਾ ਸਿੱਧਾ ਰਾਬਤਾ ਹੋਇਆ, ਉੱਥੇ ਹੀ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਾਉਣ ਲਈ ਵੀ ਹਰ ਸੰਭਵ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ। ਤਲਵਿੰਦਰ ਨੇ ਦੱਸਿਆ ਕਿ ਜਿਸ ਸੰਸਥਾ ਨਾਲ ਉਹ ਕੰਮ ਕਰਦੀ ਹੈ ਉਹ ਸਮਾਜ ਵਿਚਲੇ ਬੇਘਰ, ਬੇਰੁਜ਼ਗਾਰ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੀ ਹੈ, ਜਿਸ ਵਿੱਚ ਮੁਫਤ ਕਾਨੂੰਨੀ ਸਹਾਇਤਾ ਤਾਂ ਸ਼ਾਮਲ ਹੈ, ਨਾਲ ਹੀ ਰੋਜ਼ਮਰਾ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਕੱਪੜੇ, ਬੂਟ, ਖਾਣ-ਪੀਣ ਆਦਿ ਦਾ ਸਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਦਾ ਆਮ ਲੋਕਾਂ ਨਾਲ ਰਾਬਤਾ ਹੋਣਾ ਸ਼ੁਰੂ ਹੋਇਆ। ਅਰਾਰਟ ਕੌਂਸਲ ਦੀ ਡੈਲੀਗੇਸ਼ਨ ਨੇ ਤਲਵਿੰਦਰ ਨੂੰ ਕੌਂਸਲ ਚੋਣਾਂ ਲੜਨ ਲਈ ਪ੍ਰੇਰਿਆ, ਕਿਉਂਕਿ ਉਹ ਆਪਣੀ ਨੌਕਰੀ ਰਾਹੀਂ ਇੱਕ ਕੌਂਸਲਰ ਤੋਂ ਵੱਧ ਕੰਮ ਕਰ ਰਹੀ ਸੀ ਤੇ ਉਨ੍ਹਾਂ ਦੀ ਅਗਵਾਈ ਵਿੱਚ ਹੀ ਉਨ੍ਹਾਂ ਦੀ ਸੰਸਥਾ ਨੂੰ 44 ਸਾਲ ਬਾਅਦ ਵਧੀਆ ਸੇਵਾਵਾਂ ਬਦਲੇ ਐਵਾਰਡ ਵੀ ਮਿਲਿਆ। ਪਰਿਵਾਰ ਦੀ ਰਜ਼ਾਮੰਦੀ ਤੋਂ ਬਾਅਦ ਕੌਂਸਲ ਚੋਣਾਂ ਵਿੱਚ ਉਤਰਣ ਦਾ ਮਨ ਬਣਾਇਆ। ਕੋਈ ਰਾਜਨੀਤਿਕ ਪਿਛੋਕੜ ਨਾਂ ਹੋਣ ਤੇ ਇੱਥੋਂ ਦੀ ਰਾਜਨੀਤੀ ਬਾਰੇ ਜ਼ਿਆਦਾ ਪਤਾ ਨਾ ਹੋਣ ਕਾਰਨ ਪਹਿਲਾਂ ਥੋੜ੍ਹਾਂ ਮੁਸ਼ਕਲਾਂ ਵੀ ਆਈਆਂ ਪਰ ਕਰੀਬ ਕਰੀਬ ਡੇਢ ਕੁ ਮਹੀਨੇ ਦੀ ਸਖ਼ਤ ਮਿਹਨਤ ਅਤੇ ਅਰਾਰਟ ਵਾਸੀਆਂ ਵਲੋਂ ਦਿੱਤੇ ਗਏ ਪਿਆਰ ਸਦਕਾ ਉਨ੍ਹਾਂ ਨੇ ਇਹ ਚੌਣ ਜਿੱਤ ਲਈ।
ਇਹ ਵੀ ਪੜ੍ਹੋ: ਡੇਟ 'ਤੇ ਜਾਣ 'ਤੇ ਮਿਲੇਗਾ ਬੋਨਸ, ਕਰਮਚਾਰੀਆਂ ਲਈ ਇਸ ਕੰਪਨੀ ਨੇ ਬਣਾਈ ਖਾਸ ਯੋਜਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8