ਪੰਜਾਬ ਦੀ ਧੀ ਲਵਪ੍ਰੀਤ ਰਾਏ ਇਟਲੀ ਦੀਆਂ ਦੌੜਾਂ ਦੇ ਖੇਤਰ ਵਿੱਚ ਗੋਲੀ ਵਾਂਗ ਤੇਜ ਦੌੜ ਕੇ ਸਿਰਜ ਰਹੀ ਨਵਾਂ ਇਤਿਹਾਸ
Friday, Jan 28, 2022 - 06:28 PM (IST)
ਰੋਮ(ਕੈਂਥ)- ਪੰਜਾਬੀ ਜਿੱਥੇ ਵੀ ਗਏ ਹਨ ਮਿਹਨਤ ਦੇ ਜ਼ਰੀਏ ਪੂਰੀ ਦੁਨੀਆਂ ਦੇ ਲੋਕਾਂ ਦੀਆਂ ਨਜ਼ਰਾਂ ਆਪਣੇ ਵੱਲ ਕਰ ਲੈਂਦੇ ਹਨ। ਕੁਝ ਅਜਿਹਾ ਹੀ ਕਰ ਵਿਖਾਇਆ ਹੈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਖਾਨਖਾਨਾ ਦੇ ਨਾਲ ਸਬੰਧਤ ਮਾਪਿਆਂ ਦੀ ਲਾਡਲੀ ਧੀ ਲਵਪ੍ਰੀਤ ਰਾਏ ਨੇ, ਜਿਸ ਨੇ ਰਾਸ਼ਟਰੀ ਪੱਧਰ ਤੇ 400 ਮੀਟਰ ਦੀਆਂ ਹੋਣ ਵਾਲੀਆਂ ਦੌੜਾਂ ਵਿੱਚ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ, ਇਸ ਤੋਂ ਇਲਾਵਾ ਉਹ ਰਾਸ਼ਟਰੀ ਪੱਧਰ ਤੇ ਹੀ 800 ਮੀਟਰ ਦੀਆਂ ਹੋਣ ਜਾ ਰਹੀਆਂ ਦੌੜਾਂ ਲਈ ਤਿਆਰੀ ਕਰ ਰਹੀ ਹੈ। ਲਵਪ੍ਰੀਤ ਰਾਏ ਜੋ ਕਿ ਇਟਲੀ ਦੇ ਸ਼ਹਿਰ ਰਾਵੇਨਾ ਦੇ ਕਸਬਾ ਬ੍ਰਿਸੀਗੇਲਾ ਦੀ ਰਹਿਣ ਵਾਲੀ ਹੈ, ਇਸ ਦੀ ਉਮਰ 17 ਸਾਲ ਹੈ ਅਤੇ ਇਟਲੀ ਦੀ ਹੀ ਜੰਮਪਲ ਹੈ ਅਤੇ ਪੜ੍ਹਾਈ ਵੀ ਕਰ ਰਹੀ ਹੈ।
ਪੱਤਰਕਾਰ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਉਸ ਦੇ ਪਿਤਾ ਅਮਰਜੀਤ ਸਿੰਘ ਰਾਏ ਨੇ ਦੱਸਿਆ ਕਿ ਇਨ੍ਹਾਂ ਦੀ ਬੇਟੀ ਹੁਣ ਤੱਕ ਵੱਡੀ ਗਿਣਤੀ ਵਿੱਚ ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਮੈਡਲ ਜਿੱਤ ਚੁੱਕੀ ਹੈ, ਅਤੇ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਖੇਡ ਵੱਲ ਧਿਆਨ ਦੇ ਰਹੀ ਹੈ, ਜਿਸ ਨੇ ਪਿਛਲੇ ਦਿਨੀਂ 400 ਮੀਟਰ ਦੀਆਂ ਦੌੜਾਂ ਵਿਚ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ, ਜਿਸ ਦਾ ਫਾਈਨਲ ਅਗਲੇ ਮਹੀਨੇ ਹੋਵੇਗਾ ।
ਇਹ ਵੀ ਪੜ੍ਹੋ : ਮੈਲਬੌਰਨ 'ਚ ਖੇਡ ਮੇਲਾ ਸਫ਼ਲਤਾ ਪੂਰਵਕ ਹੋਇਆ ਸਮਾਪਤ
800 ਮੀਟਰ ਦੀਆਂ ਦੌੜਾਂ ਵਿੱਚ ਵੀ ਜਲਦੀ ਹੀ ਉਹ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਦੀ ਬੇਟੀ ਦੀ ਰੂਚੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਸੀ। ਗੋਲੀ ਵਾਂਗ ਤੇਜ ਦੌੜਨ ਵਾਲੀ ਪੰਜਾਬਣ ਧੀ ਆਪਣੀ ਕਾਬਲੀਅਤ ਲਈ ਇਟਾਲੀਅਨ ਲੋਕਾਂ ਤੋਂ ਖ਼ੂਬ ਚਰਚਾ ਬਟੋਰ ਰਹੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।