ਪਾਕਿਸਤਾਨ ਬਾਰਡਰ ਨਾਲ ਲੱਗਦੇ ਪਿੰਡਾਂ ਦੇ ਸਰਪੰਚਾਂ ਨੂੰ ਮਿਲਣਗੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ

Wednesday, Jan 25, 2023 - 10:30 AM (IST)

ਚੰਡੀਗੜ੍ਹ (ਅਸ਼ਵਨੀ) - ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਛੇਤੀ ਹੀ ਪਾਕਿਸਤਾਨ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਸਰਪੰਚਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨਾਲ ਮੁਲਾਕਾਤ ਕਰਨਗੇ। ਪਾਕਿਸਤਾਨ ਵਲੋਂ ਡਰੋਨ ਅਤੇ ਨਸ਼ਾ ਭੇਜਣ ਦੀਆਂ ਵਧਦੀਆਂ ਗਤੀਵਿਧੀਆਂ ਵਿਚਕਾਰ ਰਾਜਪਾਲ ਦੇ ਇਸ ਦੌਰੇ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਰਾਜਪਾਲ ਦੇ ਇਸ ਦੋ ਦਿਨਾ ਦੌਰੇ ਨੂੰ ਲੈ ਕੇ ਪੰਜਾਬ ਰਾਜਭਵਨ ਨੇ ਸੂਬਾ ਸਰਕਾਰ ਨੂੰ ਪੂਰਾ ਬਿਓਰਾ ਭੇਜ ਦਿੱਤਾ ਹੈ। ਇਸ ਦੌਰੇ ਦਾ ਆਗਾਜ਼ 1 ਫਰਵਰੀ ਤੋਂ ਹੋਵੇਗਾ। ਇਸ ਦੌਰਾਨ ਰਾਜਪਾਲ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ ਦੇ ਸਰਪੰਚਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨਾਲ ਮੁਲਾਕਾਤ ਕਰਨਗੇ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਮੁੰਡੇ ਦੇ ਵਿਆਹ 'ਤੇ ਲੱਗਾ ਸੀ ਡੀ. ਜੇ., ਭੰਗੜਾ ਪਾਉਂਦਿਆਂ ਹੋਇਆ ਤਕਰਾਰ, ਚੱਲੀ ਗੋਲ਼ੀ

2 ਫਰਵਰੀ ਨੂੰ ਰਾਜਪਾਲ ਫਿਰੋਜ਼ਪੁਰ ਵਿਚ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਸੂਬਾ ਸਰਕਾਰ ਦੇ ਪੁਲਸ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਇਹ ਬੈਠਕ ਕਰੀਬ ਇੱਕ ਘੰਟਾ ਤੱਕ ਚੱਲੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿਚ ਪਾਕਿਸਤਾਨ ਵਲੋਂ ਡਰੋਨ, ਨਸ਼ਾ ਅਤੇ ਆਰਮਜ਼ ਸਪਲਾਈ ਦੀਆਂ ਵਧਦੀਆਂ ਘਟਨਾਵਾਂ ’ਤੇ ਚਰਚਾ ਹੋਵੇਗੀ। ਪਾਕਿਸਤਾਨ ਵਲੋਂ ਡਰੋਨ ਦਾ ਦਾਖਲਾ ਲਗਾਤਾਰ ਵਧਦਾ ਜਾ ਰਿਹਾ ਹੈ, ਜੋ ਕੇਂਦਰ ਸਰਕਾਰ ਲਈ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਕੇਂਦਰੀ ਗ੍ਰਹਿ ਮੰਤਰਾਲਾ ਅਤੇ ਰੱਖਿਆ ਮੰਤਰਾਲਾ ਨੇ ਵੀ ਇਸ ਵਧਦੇ ਦਾਖਲੇ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਬਾਰਡਰ ’ਤੇ ਐਂਟੀ ਡਰੋਨ ਸਿਸਟਮ ਮਤਲਬ ਡਰੋਨ ਮਾਰ ਡੇਗਣ ਦੀ ਵਿਵਸਥਾ ਨੂੰ ਪੁਖਤਾ ਕਰਨ ਦੇ ਸੰਕੇਤ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜਪਾਲ ਸਰਪੰਚਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨਾਲ ਮੁਲਾਕਾਤ ਕਰ ਕੇ ਜ਼ਮੀਨੀ ਹਕੀਕਤ ਜਾਣਨਗੇ ਤਾਂ ਕਿ ਪਾਕਿਸਤਾਨ ਵਲੋਂ ਹੋਣ ਵਾਲੀਆਂ ਗਤੀਵਿਧੀਆਂ ’ਤੇ ਨੁਕੇਲ ਕੱਸੀ ਜਾ ਸਕੇ।

ਇਹ ਵੀ ਪੜ੍ਹੋ- ਬਟਾਲਾ ਵਿਖੇ ਗੁਆਂਢੀ ਮੁੰਡੇ ਤੋਂ ਦੁਖੀ ਔਰਤ ਨੇ ਕੀਤੀ ਖ਼ੁਦਕੁਸ਼ੀ, ਪਤੀ ਵੱਲੋਂ ਵੱਡਾ ਖ਼ੁਲਾਸਾ

1 ਫਰਵਰੀ ਨੂੰ ਰਾਜਪਾਲ ਪਹੁੰਚਣਗੇ ਪਠਾਨਕੋਟ, ਕਰਨਗੇ ਸਰਪੰਚਾਂ ਨਾਲ ਪਹਿਲੀ ਮੁਲਾਕਾਤ
ਦੱਸਿਆ ਜਾ ਰਿਹਾ ਹੈ ਕਿ 1 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਦੌਰੇ ਦੌਰਾਨ ਰਾਜਪਾਲ ਸਵੇਰੇ ਕਰੀਬ 10:25 ਮਿੰਟ ’ਤੇ ਚੰਡੀਗੜ੍ਹ ਦੇ ਰਜਿੰਦਰਾ ਪਾਰਕ ਤੋਂ ਹੈਲੀਕਾਪਟਰ ਦੇ ਜ਼ਰੀਏ ਪਠਾਨਕੋਟ ਦੇ ਏ. ਬੀ. ਕਾਲਜ ਪਹੁੰਚਣਗੇ। ਇੱਥੋਂ ਪਠਾਨਕੋਟ ਦੇ ਇੰਪਰੂਵਮੈਂਟ ਟਰੱਸਟ ਆਡੀਟੋਰੀਅਮ ਵਿਚ ਰਾਜਪਾਲ ਸਰਪੰਚਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਮਿਲਣਗੇ। ਇਸ ਤੋਂ ਬਾਅਦ ਗੁਰਦਾਸਪੁਰ ਵਿਚ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ, ਅੰਮ੍ਰਿਤਸਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੀਨੇਟ ਹਾਲ ਵਿਚ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸਰਪੰਚਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨਾਲ ਮੁਲਾਕਾਤ ਹੋਵੇਗੀ। ਇਸਦੀ ਅਗਲੀ ਕੜੀ ਵਿਚ ਫਾਜ਼ਿਲਕਾ ਵਿਚ ਐੱਮ. ਆਰ. ਕਾਲਜ ਵਿਚ ਅਤੇ ਫਿਰੋਜ਼ਪੁਰ ਵਿਚ ਜੇਨੇਸਿਸ ਡੈਂਟਲ ਕਾਲਜ ਵਿਚ ਸਰਪੰਚਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨਾਲ ਮੁਲਾਕਾਤ ਦਾ ਪ੍ਰਸਤਾਵ ਹੈ।

ਇਹ ਵੀ ਪੜ੍ਹੋ- ਸਰਹੱਦ ਪਾਰ: ਡਾਂਸ ਕਰਦੀ ਕੁੜੀ ਦੀ ਵਾਇਰਲ ਵੀਡੀਓ ਵੇਖ ਭੜਕਿਆ ਪਿਓ, ਮਾਰ ਦਿੱਤੀ ਗੋਲ਼ੀ

ਦੁਪਹਿਰ ਅਤੇ ਰਾਤ ਦਾ ਖਾਣਾ ਯੂਨੀਵਰਸਿਟੀ ਵਿਚ
1 ਫਰਵਰੀ ਨੂੰ ਆਪਣੇ ਦੌਰੇ ਦੌਰਾਨ ਰਾਜਪਾਲ ਦੁਪਹਿਰ ਅਤੇ ਰਾਤ ਦਾ ਭੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੀ ਕਰਨਗੇ। ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚ ਹੀ ਰਾਤ ਨੂੰ ਆਰਾਮ ਹੋਵੇਗਾ, ਜਿਸ ਤੋਂ ਬਾਅਦ ਉਹ ਅਗਲੇ ਦਿਨ ਫਾਜ਼ਿਲਕਾ ਲਈ ਰਵਾਨਾ ਹੋਣਗੇ। ਹਾਲਾਂਕਿ 2 ਫਰਵਰੀ ਨੂੰ ਰਾਜਪਾਲ ਦੁਪਹਿਰ ਦਾ ਭੋਜਨ ਫਿਰੋਜ਼ਪੁਰ ਦੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਚ ਕਰਨਗੇ। ਇੱਥੋਂ ਹੈਲੀਕਾਪਟਰ ਦੇ ਜ਼ਰੀਏ ਰਾਜਪਾਲ ਵਾਪਸ ਚੰਡੀਗੜ੍ਹ ਲਈ ਰਵਾਨਾ ਹੋਣਗੇ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News