ਤੇਲ ਭੰਡਾਰਾਂ 'ਤੇ ਹਮਲੇ ਮਗਰੋਂ ਈਰਾਨ 'ਚ ਪਈ 'ਕਾਲੀ ਬਾਰਿਸ਼', ਲੋਕਾਂ ਲਈ ਗੰਭੀਰ ਚਿਤਾਵਨੀ ਜਾਰੀ

Sunday, Mar 15, 2026 - 04:56 PM (IST)

ਤੇਲ ਭੰਡਾਰਾਂ 'ਤੇ ਹਮਲੇ ਮਗਰੋਂ ਈਰਾਨ 'ਚ ਪਈ 'ਕਾਲੀ ਬਾਰਿਸ਼', ਲੋਕਾਂ ਲਈ ਗੰਭੀਰ ਚਿਤਾਵਨੀ ਜਾਰੀ

ਦੁਬਈ/ਤੇਹਰਾਨ : ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਦੇ ਤੇਲ ਭੰਡਾਰਾਂ ਤੇ ਰਿਫਾਇਨਰੀਆਂ 'ਤੇ ਕੀਤੇ ਗਏ ਹਵਾਈ ਹਮਲਿਆਂ ਕਾਰਨ ਪੈਦਾ ਹੋਏ ਜ਼ਹਿਰੀਲੇ ਧੂੰਏਂ ਨੇ ਹੁਣ 'ਕਾਲੀ ਬਾਰਿਸ਼' ਦਾ ਰੂਪ ਲੈ ਲਿਆ ਹੈ। ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਸਿਹਤ ਅਧਿਕਾਰੀਆਂ ਨੇ ਜਨਤਾ ਲਈ ਖ਼ਤਰੇ ਦੀ ਚਿਤਾਵਨੀ ਜਾਰੀ ਕੀਤੀ ਹੈ। 

ਤੇਹਰਾਨ'ਚ ਦਹਿਸ਼ਤ ਦਾ ਮਾਹੌਲ
ਸਰੋਤਾਂ ਅਨੁਸਾਰ, ਪਿਛਲੇ ਹਫਤੇ ਈਰਾਨ ਦੇ ਕਈ ਤੇਲ ਡਿਪੂਆਂ 'ਤੇ ਹੋਏ ਹਮਲਿਆਂ ਤੋਂ ਬਾਅਦ ਰਾਜਧਾਨੀ ਤੇਹਰਾਨ ਦੇ ਨੇੜੇ ਕਾਲੀ ਤੇ ਤੈਲੀ (oily) ਬਾਰਿਸ਼ ਹੋਈ, ਜਿਸ ਕਾਰਨ ਲੋਕਾਂ ਨੇ ਅੱਖਾਂ 'ਚ ਜਲਣ ਤੇ ਸਾਹ ਲੈਣ 'ਚ ਤਕਲੀਫ ਦੀ ਸ਼ਿਕਾਇਤ ਕੀਤੀ ਹੈ। ਇਹ ਖ਼ਤਰਨਾਕ ਵਰਤਾਰਾ ਉਦੋਂ ਵਾਪਰਦਾ ਹੈ ਜਦੋਂ ਰਾਖ ਤੇ ਜ਼ਹਿਰੀਲੇ ਰਸਾਇਣ ਵਾਯੂਮੰਡਲ 'ਚ ਪਾਣੀ ਦੀਆਂ ਬੂੰਦਾਂ ਨਾਲ ਮਿਲ ਕੇ ਧਰਤੀ 'ਤੇ ਡਿੱਗਦੇ ਹਨ। ਮਾਹਿਰਾਂ ਮੁਤਾਬਕ ਤੇਲ ਰਿਫਾਇਨਰੀਆਂ 'ਚ ਅੱਗ ਲੱਗਣ ਕਾਰਨ ਅਜਿਹੀ ਬਾਰਿਸ਼ ਹੋਣਾ ਆਮ ਗੱਲ ਹੈ।

ਸਿਹਤ ਲਈ ਵੱਡਾ ਖ਼ਤਰਾ
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਬਾਰਿਸ਼ 'ਚ ਮੌਜੂਦ ਰਾਖ ਦੇ ਬਰੀਕ ਕਣ ਮਨੁੱਖੀ ਵਾਲਾਂ ਦੀ ਚੌੜਾਈ ਨਾਲੋਂ ਲਗਭਗ 40 ਗੁਣਾ ਛੋਟੇ ਹੁੰਦੇ ਹਨ। ਇਹ ਕਣ ਫੇਫੜਿਆਂ 'ਚ ਡੂੰਘਾਈ ਤੱਕ ਜਮ੍ਹਾ ਹੋ ਸਕਦੇ ਹਨ ਤੇ ਖੂਨ ਦੇ ਪ੍ਰਵਾਹ 'ਚ ਸ਼ਾਮਲ ਹੋ ਕੇ ਸਾਹ ਤੇ ਦਿਲ ਦੀਆਂ ਬਿਮਾਰੀਆਂ ਪੈਦਾ ਕਰ ਸਕਦੇ ਹਨ, ਜੋ ਸਮੇਂ ਤੋਂ ਪਹਿਲਾਂ ਮੌਤ ਦਾ ਕਾਰਨ ਬਣ ਸਕਦੀਆਂ ਹਨ। ਇਸ ਤੋਂ ਇਲਾਵਾ, ਪੀ.ਏ.ਐੱਚ. (PAH) ਦੇ ਸੰਪਰਕ 'ਚ ਆਉਣ ਨਾਲ ਕੈਂਸਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਅਧਿਕਾਰੀਆਂ ਦੀਆਂ ਹਦਾਇਤਾਂ
ਵਿਸ਼ਵ ਸਿਹਤ ਸੰਗਠਨ (WHO) ਤੇ ਈਰਾਨ ਦੇ ਸਿਹਤ ਵਿਭਾਗ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਖਾਸ ਤੌਰ 'ਤੇ ਚਿਤਾਵਨੀ ਦਿੱਤੀ ਹੈ ਕਿ ਬਾਰਿਸ਼ ਦਾ ਪਾਣੀ ਬਹੁਤ ਜ਼ਿਆਦਾ ਤੇਜ਼ਾਬੀ (Acidic) ਹੈ, ਜੋ ਚਮੜੀ ਨੂੰ ਸਾੜ ਸਕਦਾ ਹੈ ਤੇ ਫੇਫੜਿਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ।

ਜੰਗੀ ਕਾਰਵਾਈਆਂ ਜਾਰੀ
ਦੋ ਹਫ਼ਤਿਆਂ ਤੋਂ ਜਾਰੀ ਇਸ ਯੁੱਧ ਦੌਰਾਨ ਈਰਾਨ ਵੀ ਅਮਰੀਕੀ-ਇਜ਼ਰਾਈਲੀ ਹਮਲਿਆਂ ਦਾ ਜਵਾਬ ਦੇਣ ਲਈ ਗੁਆਂਢੀ ਦੇਸ਼ਾਂ ਦੇ ਤੇਲ ਤੇ ਕੁਦਰਤੀ ਗੈਸ ਭੰਡਾਰਾਂ 'ਤੇ ਡਰੋਨ ਤੇ ਮਿਸਾਈਲਾਂ ਨਾਲ ਹਮਲੇ ਕਰ ਰਿਹਾ ਹੈ। ਖੇਤਰ ਦੇ ਹੋਰਨਾਂ ਹਿੱਸਿਆਂ 'ਚ ਵੀ ਕਾਲੇ ਧੂੰਏਂ ਦੇ ਗੁਬਾਰ ਦੇਖੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News