ਇਜ਼ਰਾਈਲ ਦੇ ਹਵਾਈ ਹਮਲਿਆਂ ਖ਼ਿਲਾਫ਼ ਇੰਡੋਨੇਸ਼ੀਆ ’ਚ ਅਮਰੀਕੀ ਦੂਤਘਰ ਦੇ ਬਾਹਰ ਪ੍ਰਦਰਸ਼ਨ

Tuesday, May 18, 2021 - 05:37 PM (IST)

ਇੰਟਰਨੈਸ਼ਨਲ ਡੈਸਕ : ਇੰਡੋਨੇਸ਼ੀਆ ਦੀ ਰਾਜਧਾਨੀ ’ਚ ਅਮਰੀਕੀ ਦੂਤਘਰ ਦੇ ਬਾਹਰ ਫਿਲਸਤੀਨ ਦੀ ਹਮਾਇਤ ’ਚ ਲੋਕ ਇਕੱਠੇ ਹੋਏ ਅਤੇ ਗਾਜ਼ਾ ਪੱਟੀ ’ਚ ਇਜ਼ਰਾਈਲ ਦੇ ਹਵਾਈ ਹਮਲੇ ਰੋਕਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇੰਡੋਨੇਸ਼ੀਆ ਅਤੇ ਫਿਲਸਤੀਨ ਦੇ ਝੰਡੇ ਲਹਿਰਾਏ ਤੇ ‘ਫਲਸਤੀਨ ਨੂੰ ਮੁਕਤ ਕਰੋ’ ਵਰਗੇ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਜਕਾਰਤਾ ’ਚ ਦੂਤਘਰ ਨੂੰ ਜੋੜਨ ਵਾਲੀ ਸੜਕ ’ਤੇ ਮਾਰਚ ਕੀਤਾ। ਦੂਤਘਰ ਦੇ ਦੁਆਲੇ ਸਖਤ ਸੁਰੱਖਿਆ ਸੀ ਅਤੇ 1000 ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਸਨ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਵਿਸ਼ਵ ਦਾ ਸਭ ਤੋਂ ਵੱਧ ਮੁਸਲਮਾਨ ਆਬਾਦੀ ਵਾਲਾ ਦੇਸ਼ ਹੈ। ਇਸ ਦੇਸ਼ ਦਾ ਇਜ਼ਰਾਈਲ ਨਾਲ ਰਸਮੀ ਤੌਰ ’ਤੇ ਕੂਟਨੀਤਕ ਸਬੰਧ ਨਹੀਂ ਹੈ ਅਤੇ ਇਜ਼ਰਾਈਲੀ ਦੂਤਘਰ ਵੀ ਇਥੇ ਨਹੀਂ ਹੈ। ਯੂਨਾਈਟਿਡ ਮੁਸਲਿਮ ਸਟੂਡੈਂਟਸ ਐਕਸ਼ਨ ਸਮੂਹ ਵੱਲੋਂ ਆਯੋਜਿਤ ਮਾਰਚ ’ਚ ਪ੍ਰਦਰਸ਼ਨਕਾਰੀ ‘ਅੱਲ੍ਹਾ ਹੂ ਅਕਬਰ’ ਅਤੇ ‘ਆਜ਼ਾਦ ਫਿਲਸਤੀਨ’ ਦੇ ਨਾਅਰੇ ਲਾ ਰਹੇ ਸਨ।

PunjabKesari

ਇਸ ਸਮੂਹ ਦੇ ਪ੍ਰਦਰਸ਼ਨਕਾਰੀਆਂ ਨੇ ਗਾਜ਼ਾ ’ਚ ਹੋਏ ਹਵਾਈ ਹਮਲਿਆਂ ਅਤੇ ਇਜ਼ਰਾਈਲ ਨੂੰ ਅਮਰੀਕਾ ਦੇ ਸਮਰਥਨ ਦੀ ਨਿੰਦਾ ਕਰਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਉਸੇ ਹੀ ਸਮੇਂ ਇੰਡੋਨੇਸ਼ੀਆ ਟਰੇਡ ਯੂਨੀਅਨਾਂ ਦੇ ਸੰਘ ਦੇ ਵਿਰੋਧ ਪ੍ਰਦਰਸ਼ਨਾਂ ’ਚ ਸ਼ਾਮਲ ਪ੍ਰਦਰਸ਼ਨਕਾਰੀ ਦੂਤਘਰ ਤੋਂ ਕੁਝ ਸੌ ਮੀਟਰ ਦੀ ਦੂਰੀ ’ਤੇ ਸਨ ਅਤੇ ‘ਫਿਲਸਤੀਨ ਬਚਾਓ’ ਦੇ ਨਾਅਰੇ ਲਾ ਰਹੇ ਸਨ। ਉਨ੍ਹਾਂ ਨੇ ਇੱਥੇ ਸੰਯੁਕਤ ਰਾਸ਼ਟਰ ਮਿਸ਼ਨ ਤੱਕ ਮਾਰਚ ਕੀਤਾ। ਇਸ ਤੋਂ ਇਲਾਵਾ ਇੰਡੋਨੇਸ਼ੀਆ ਦੇ ਕਈ ਹੋਰ ਸ਼ਹਿਰਾਂ ’ਚ ਵੀ ਪ੍ਰਦਰਸ਼ਨ ਕੀਤੇ ਗਏ। ਇਥੋਂ ਦੇ ਅਧਿਕਾਰੀਆਂ ਨੇ ਮੁਜ਼ਾਹਰਾਕਾਰੀਆਂ ਤੋਂ ਸਮਾਜਿਕ ਦੂਰੀ ਬਣਾਈ ਰੱਖਣ ਦੀ ਚਿਤਾਵਨੀ ਦਿੱਤੀ ਤਾਂ ਜੋ ਕੋਰੋਨਾ ਵਾਇਰਸ ਦੀ ਲਾਗ ਦੇ ਖ਼ਤਰੇ ਤੋਂ ਬਚਿਆ ਜਾ ਸਕੇ। ਇੰਡੋਨੇਸ਼ੀਆ ਨੇ ਲੰਬੇ ਸਮੇਂ ਤੋਂ ਫਿਲਸਤੀਨ ਦਾ ਸਮਰਥਨ ਕੀਤਾ ਹੈ ਅਤੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਹਵਾਈ ਹਮਲੇ ਦੀ ਨਿੰਦਾ ਕੀਤੀ ਹੈ। ਉਸ ਨੇ ਐਤਵਾਰ ਨੂੰ ਇੱਕ ਟਵੀਟ ’ਚ ਕਿਹਾ ਕਿ ਇਜ਼ਰਾਈਲ ਨੂੰ ਆਪਣੇ ਹਮਲਾਵਰ ਰਵੱਈਏ ਨੂੰ ਬੰਦ ਕਰਨਾ ਚਾਹੀਦਾ ਹੈ।
 


Manoj

Content Editor

Related News