ਪਰੂਡ ਦੀ ਹੱਤਿਆ ਦੇ ਵਿਰੋਧ ’ਚ ਨਿਊਯਾਰਕ ਅਤੇ ਪੋਰਟਲੈਂਡ ’ਚ ਫਿਰ ਪ੍ਰਦਰਸ਼ਨ
Monday, Sep 07, 2020 - 02:21 PM (IST)
ਰੋਚੈਸਟਰ, (ਭਾਸ਼ਾ)- ਅਮਰੀਕਾ ’ਚ ਇਕ ਗੈਰ-ਗੋਰੇ ਵਿਅਕਤੀ ਡੇਨੀਅਲ ਪਰੂਡ ਦੀ ਹੱਤਿਆ ਦੇ ਵਿਰੋਧ ’ਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ । ਸ਼ਨੀਵਾਰ ਨੂੰ ਨਿਊਯਾਰਕ ਅਤੇ ਪੋਰਟਲੈਂਡ ’ਚ ਫਿਰ ਪ੍ਰਦਰਸ਼ਨ ਹੋਏ ।
ਉੱਥੇ ਹੀ ਇਸ ਮਾਮਲੇ ਦੀ ਜਾਂਚ ਲਈ ਨਿਊਯਾਰਕ ਦੀ ਅਟਾਰਨੀ ਜਨਰਲ ਇੱਕ ਗ੍ਰੈਂਡ ਬੈਂਚ ਦਾ ਗਠਨ ਕਰਨ ਜਾ ਰਹੀ ਹੈ । ਨਿਊਯਾਰਕ ’ਚ ਮਾਰਚ ਮਹੀਨੇ ਮੁਕਾਬਲੇ ਦੌਰਾਨ ਪੁਲਸ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਪਰੂਡ ਦੇ ਚਿਹਰੇ ਨੂੰ ਢੱਕ ਦਿੱਤਾ ਸੀ ਅਤੇ ਉਸ ਨਾਲ ਅਣ-ਮਨੁੱਖੀ ਵਿਹਾਰ ਕੀਤਾ ਸੀ । ਪੁਲਸ ਦੇ ‘ਬਾਡੀ ਕੈਮਰੇ’ ਦੀ ਫੁਟੇਜ ਸਾਹਮਣੇ ਆਉਣ ਮਗਰੋਂ ਬੁੱਧਵਾਰ ਨੂੰ ਇਸ ਮਾਮਲੇ ਨੇ ਤੂਲ ਫੜ੍ਹ ਲਿਆ ਸੀ।
ਅਟਾਰਨੀ ਜਨਰਲ ਲੇਟਿਸ਼ੀਆ ਜੇਮਸ ਨੇ ਕਿਹਾ, ‘‘ਪਰੂਡ ਪਰਿਵਾਰ ਅਤੇ ਰੋਚੈਸਟਰ ਭਾਈਚਾਰਾ ਵੱਡੀ ਮੁਸੀਬਤ ’ਚੋਂ ਲੰਘੇ ਹਨ ।’’ ਉਨ੍ਹਾਂ ਕਿਹਾ ਕਿ ਇਕ ਗ੍ਰੈਂਡ ਬੈਂਚ ਇਸ ਡੂੰਘੀ ਜਾਂਚ ਦਾ ਹਿੱਸਾ ਹੋਵੇਗੀ । ਪਰੂਡ ਨਾਲ ਹੋਈ ਜ਼ਿਆਦਤੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਇਸ ਦੇ ਵਿਰੋਧ ’ਚ ਪ੍ਰਦਰਸ਼ਨ ਕੀਤੇ ਅਤੇ ਸੁਧਾਰ ਅਤੇ ਜ਼ਿਆਦਾ ਜਵਾਬਦੇਹੀ ਦੀ ਮੰਗ ਕੀਤੀ । ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਘਟਨਾ ਨਾਲ ਪਤਾ ਲੱਗਦਾ ਹੈ ਕਿ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨਾਲ ਨਜਿੱਠਣ ਲਈ ਪੁਲਸ ਤਿਆਰ ਨਹੀਂ ਹੈ । ਉਨ੍ਹਾਂ ਇਸ ਸੰਬੰਧ ’ਚ ਕਾਨੂੰਨ ਬਣਾਉਣ ਦੀ ਵੀ ਮੰਗ ਕੀਤੀ । ‘ਦਿ ਨੈਸ਼ਨਲ ਅਲਾਇੰਸ ਆਨ ਮੈਂਟਲ ਇਲਨੈੱਸ’ ਵਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਕਿ ਪੁਲਸ ਦੀ ਕਾਰਵਾਈ ‘ਵਿਨਾਸ਼ ਦਾ ਸਾਧਨ’ ਬਣ ਸਕਦੀ ਹੈ । ਪ੍ਰਦਰਸ਼ਨਕਾਰੀ ਪੁਲਸ ਵਿਵਸਥਾ ’ਚ ਬਦਲਾਅ ਦੀ ਮੰਗ ਵੀ ਕਰ ਰਹੇ ਹਨ । ਪ੍ਰਦਰਸ਼ਨਕਾਰੀਆਂ ਨੇ ਰਾਤ ਵੇਲੇ ਸ਼ਹਿਰ ਦੀ ਓਂਟਾਰਿਓ ਝੀਲ ’ਤੇ ਮਾਰਚ ਕੀਤਾ ।