ਸਿੱਖਾਂ ਦੇ ਕਤਲ ਦੇ ਵਿਰੋਧ 'ਚ ਨਨਕਾਣਾ ਸਾਹਿਬ ਅਤੇ ਪਿਸ਼ਾਵਰ 'ਚ ਜ਼ੋਰਦਾਰ ਪ੍ਰਦਰਸ਼ਨ (ਵੀਡੀਓ)

05/17/2022 11:36:55 AM

ਇਸਲਾਮਾਬਾਦ (ਬਿਊਰੋ)- ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਤੋਂ ਲਗਭਗ 17 ਕਿਲੋਮੀਟਰ ਦੂਰ ਸਰਬੰਦ ਖੇਤਰ ਦੇ ਬਾਟਾਤਾਲ ਬਾਜ਼ਾਰ 'ਚ ਬੀਤੇ ਦਿਨ ਅਣਪਛਾਤੇ ਬੰਦੂਕਧਾਰੀਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ। ਪੀੜਤਾਂ ਦੀ ਪਛਾਣ ਰਣਜੀਤ ਸਿੰਘ (38) ਪੁੱਤਰ ਗੁਰਮੁਖ ਸਿੰਘ ਅਤੇ ਕੁਲਜੀਤ ਸਿੰਘ (42) ਪੁੱਤਰ ਅਵਤਾਰ ਸਿੰਘ ਦੇ ਤੌਰ 'ਤੇ ਹੋਈ ਹੈ।ਇਸ ਕਤਲ ਦੇ ਵਿਰੋਧ 'ਚ ਪਾਕਿ ਸਿੱਖ ਭਾਈਚਾਰੇ ਨੇ ਪਿਸ਼ਾਵਰ ਪ੍ਰੈੱਸ ਕਲੱਬ ਅਤੇ ਸ੍ਰੀ ਨਨਕਾਣਾ ਸਾਹਿਬ 'ਚ ਗੁਰਦੁਆਰਾ ਜਨਮ ਅਸਥਾਨ ਦੇ ਮੁੱਖ ਗੇਟ ਦੇ ਸਾਹਮਣੇ ਪ੍ਰਦਰਸ਼ਨ ਕੀਤਾ।ਇਸ ਦੇ ਇਲਾਵਾ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਐਤਵਾਰ ਸ਼ਾਮ ਗੁਰਦੁਆਰਾ ਨਨਕਾਣਾ ਸਾਹਿਬ ਦੇ ਕੰਪਲੈਕਸ ਵਿਚ ਮੋਮਬੱਤੀਆਂ ਜਗਾ ਕੇ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦਿੱਤੀ।

 

ਸਿੱਖ ਭਾਈਚਾਰੇ ਨੇ ਕਿਹਾ ਕਿ ਤਾਜ਼ਾ ਘਟਨਾ ਨਾਲ ਪਾਕਿ ਸਿੱਖਾਂ 'ਚ ਇਕ ਵਾਰ ਮੁੜ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਗੈਰ-ਮੁਸਲਿਮ ਲੋਕਾਂ ਖ਼ਾਸ ਕਰਕੇ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਯਕੀਨੀ ਕਦਮ ਚੁੱਕੇ ਜਾਣ। ਦੱਸਣਯੋਗ ਹੈ ਕਿ ਕਤਲ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਦੀ ਅਫ਼ਗਾਨ ਸ਼ਾਖਾ ਇਸਲਾਮਿਕ ਸਟੇਟ ਵਿਲਯਾਹ ਖ਼ੁਰਾਸਾਨ (ਆਈ.ਐਸ.ਕੇ.ਪੀ.) ਨੇ ਲਈ ਹੈ। ਇਸ ਅੱਤਵਾਦੀ ਸੰਗਠਨ ਨੂੰ ਇਸਲਾਮਿਕ ਸਟੇਟ ਖ਼ੁਰਾਸਾਨ ਪ੍ਰਾਂਤ ਵੀ ਕਿਹਾ ਜਾਂਦਾ ਹੈ। ਆਈ.ਐਸ.ਕੇ.ਪੀ. ਨੇ ਦਾਅਵਾ ਕੀਤਾ ਹੈ ਕਿ ਉਸ ਦੇ ਬੰਦੂਕਧਾਰੀਆਂ ਨੇ ਉਕਤ ਦੋਵੇਂ ਸਿੱਖ ਕਾਰੋਬਾਰੀਆਂ ਦਾ ਕਤਲ ਕੀਤਾ। 

 

ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ ਦਾ ਨਵਾਂ ਬਿਆਨ, ਕਿਹਾ-ਅਮਰੀਕਾ ਨੇ ਬਿਨਾਂ ਹਮਲਾ ਕੀਤੇ ਪਾਕਿਸਤਾਨ ਨੂੰ ਬਣਾਇਆ ਗੁਲਾਮ

ਇਸੇ ਸੰਗਠਨ ਨੇ ਪਿਸ਼ਾਵਰ ਦੀ ਚਾਰਸਦਾ ਰੋਡ 'ਤੇ ਸਥਿਤ ਖ਼ਾਲਸਾ ਯੂਨਾਨੀ ਦਵਾਖ਼ਾਨਾ ਵਿਖੇ ਹਕੀਮ ਸਤਨਾਮ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਪਹਿਲਾਂ ਵੀ ਸੂਬਾ ਖ਼ੈਬਰ ਪਖਤੂਨਖਵਾ 'ਚ ਸਿੱਖ ਆਗੂ ਚਰਨਜੀਤ ਸਿੰਘ, ਸੂਚਨਾ ਚੈਨਲ ਦੇ ਐਂਕਰ ਰਵਿੰਦਰ ਸਿੰਘ, ਡਾ: ਸੂਰਨ ਸਿੰਘ ਸਮੇਤ ਕਈ ਸਿੱਖਾਂ ਦੇ ਕਤਲ ਅਤੇ ਲੁੱਟ-ਖੋਹ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਪੁਲਸ ਥਾਣਾ ਸਦਰ ਦੇ ਐਸ. ਪੀ. ਅਕੀਕ ਹੁਸੈਨ ਨੇ ਦੱਸਿਆ ਕਿ ਅੱਤਵਾਦ ਰੋਕੂ ਡਵੀਜ਼ਨ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਅੱਤਵਾਦੀ ਹਮਲਾ ਸੀ, ਜਿਸ 'ਚ ਇਕ ਸਿੱਖ ਦੁਕਾਨਦਾਰ ਨੂੰ 3 ਅਤੇ ਦੂਜੇ ਨੂੰ 2 ਗੋਲੀਆਂ ਲੱਗੀਆਂ। ਪੁਲਸ ਅਧਿਕਾਰੀ ਮੁਤਾਬਿਕ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਸ਼ੱਕੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।

PunjabKesari


Vandana

Content Editor

Related News