ਬ੍ਰਿਸਬੇਨ 'ਚ ਸ਼ਰਣਾਰਥੀਆਂ ਦੀ ਰਿਹਾਈ ਲਈ ਜ਼ੋਰਦਾਰ ਪ੍ਰਦਰਸ਼ਨ

08/16/2020 2:14:35 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀ ਭਾਰੀ ਹਾਜ਼ਰੀ ਵਿਚ ਇਲਾਕਾ ਕੈਂਗਰੂ ਪੁਆਇੰਟ ਸੈਂਟਰਲ ਹੋਟਲ ਅਤੇ ਅਪਾਰਟਮੈਂਟ ਦੇ ਬਾਹਰ ਸ਼ਰਣਾਰਥੀਆਂ ਅਤੇ ਪਨਾਹ ਮੰਗਣ ਵਾਲਿਆਂ ਦੀ ਚੱਲ ਰਹੀ ਨਜ਼ਰਬੰਦੀ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ। ਕੁਈਨਜ਼ਲੈਂਡ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਜਨਤਕ ਪਰੇਸ਼ਾਨੀ ਅਤੇ ਪੁਲਸ ਦੇ ਨਿਰਦੇਸ਼ਾਂ ਦੀ ਉਲੰਘਣਾ ਤਹਿਤ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹ ਅਦਾਲਤ ਵਿੱਚ 12 ਦੋਸ਼ਾਂ ਦਾ ਸਾਹਮਣਾ ਕਰਨਗੇ। 

PunjabKesari

ਗੌਰਤਲਬ ਹੈ ਕਿ ਸੁਪਰੀਮ ਕੋਰਟ ਨੇ ਇਸ ਹਫਤੇ ਸਟੋਰੀ ਬ੍ਰਿਜ 'ਤੇ ਹੋਣ ਵਾਲੇ ਵਿਰੋਧ ਪ੍ਰਦਰਸ਼ਨ ‘ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਪ੍ਰਬੰਧਕਾਂ ਨੇ ਦੁਪਹਿਰ ਦੀ ਰੈਲੀ ਨੂੰ ਕੈਂਗਰੂ ਪੁਆਇੰਟ ਦੇ ਨੇੜਲੇ ਰੇਮੰਡ ਪਾਰਕ ਵਿਖੇ ਰੋਸ ਪ੍ਰਦਰਸ਼ਨ ਕੀਤਾ। ਤਕਰੀਬਨ 3,000 ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕਿਹਾ ਸੀ ਕਿ ਉਹ ਇਸ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਬਣਨਗੇ ਪਰ ਭਾਰੀ ਬਾਰਸ਼ ਦੇ ਚੱਲਦਿਆਂ ਲਗਭਗ 200 ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਇਨ੍ਹਾਂ ਸ਼ਰਣਾਰਥੀਆਂ ਦੀ ਜਲਦ ਰਿਹਾਈ ਦੀ ਜ਼ੋਰਦਾਰ ਮੰਗ ਨੂੰ ਦੁਹਰਾਇਆ। 

ਪ੍ਰਦਰਸ਼ਨਕਾਰੀਆਂ ਦੇ ਸਮੂਹ ਦੇ ਇਕ ਬੁਲਾਰੇ (ਰੌਬੀ) ਨੇ ਕਿਹਾ ਕਿ ਇੱਥੇ ਬਹੁਤੇ ਲੋਕ ਨਹੀਂ ਸਨ ਅਤੇ ਕੋਈ ਹੁੱਲੜਬਾਜ਼ੀ ਵੀ ਨਹੀਂ ਹੋਈ। ਪਰ ਪੁਲਸ ਦੀ ਉੱਚ ਮੌਜੂਦਗੀ ਡਰਾਉਣੀ ਸੀ। ਉੱਧਰ ਹੋਟਲ ਵਿਚ ਨਜ਼ਰਬੰਦ ਇਕ ਵਿਅਕਤੀ ਨੇ ਫੋਨ ਜਰੀਏ ਮੀਡੀਆ ਨਾਲ ਰਾਬਤੇ ‘ਚ ਸਮੂਹ ਪ੍ਰਦਰਸ਼ਨਕਾਰੀਆਂ ਦਾ ਵਿਅਕਤੀਗਤ ਤੌਰ ਤੇ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਉਹ ਵੀ ਇਨਸਾਨ ਹਨ, ਸਾਨੂੰ ਤੁਹਾਡੀ ਮਦਦ ਦੀ ਲੋੜ ਹੈ ਅਤੇ ਇਹ ਕੋਈ ਸੌਖਾ ਯੁੱਧ ਨਹੀਂ ਹੈ। ਦੱਸਣਯੋਗ ਹੈ ਕਿ ਆਸਟ੍ਰੇਲੀਆ ‘ਚ ਇਨ੍ਹਾਂ ਸ਼ਰਣਾਰਥੀਆਂ ਨੂੰ ਮੈਡੀਵਾਕ ਕਾਨੂੰਨਾਂ ਤਹਿਤ ਆਫਸ਼ੋਰ ਹਿਰਾਸਤ ਕੇਂਦਰਾਂ ਤੋਂ ਇੱਥੇ ਲਿਆਂਦਾ ਗਿਆ ਸੀ ਅਤੇ ਪ੍ਰਦਰਸ਼ਨਕਾਰੀ ਲੰਬੇ ਸਮੇਂ ਤੋਂ ਇਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੂਜ ਦਾ ਕਹਿਣਾ ਹੈ ਕਿ ਵਿਭਾਗ ਨੇ 45 ਸ਼ਰਣਾਰਥੀ ਦਾਅਵਿਆਂ ਨੂੰ ਨਕਾਰਦਿਆਂ ਉਹਨਾਂ ਨੂੰ ਸੁਰੱਖਿਅਤ ਆਪਣੇ ਦੇਸ਼ ਵਾਪਸ ਜਾਣ ਦੇ ਹੁਕਮ ਸੁਣਾਏ ਹਨ। ਇਸ ਸਮੇਂ ਹੋਟਲ ਦੇ ਬਾਹਰ 24/7 ਨਾਕਾਬੰਦੀ ਕੀਤੀ ਗਈ ਹੈ ਅਤੇ ਸ਼ਰਣਾਰਥੀਆਂ ਨੂੰ ਹੋਟਲ ਤੋਂ ਬਾਹਰ ਜਾਣ ਉੱਪਰ ਸਖ਼ਤ ਪਾਬੰਦੀ ਹੈ।


 


Lalita Mam

Content Editor

Related News