ਫਰਾਂਸ ’ਚ ਪੈਨਸ਼ਨ ਸੁਧਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ

02/17/2023 2:25:15 PM

ਪੈਰਿਸ (ਭਾਸ਼ਾ)- ਫਰਾਂਸ ਸਰਕਾਰ ਦੇ ਵਿਵਾਦਤ ਪੈਨਸ਼ਨ ਸੁਧਾਰ ਦੇ ਖ਼ਿਲਾਫ਼ ਰਾਜਧਾਨੀ ਪੈਰਿਸ ਸਮੇਤ ਫਰਾਂਸ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਵਿਚ 5ਵੇਂ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਫਰਾਂਸ ਵਿਚ ਪੈਨਸ਼ਨ ਸੁਧਾਰ ਖ਼ਿਲਾਫ਼ ਦੇਸ਼ਵਿਆਪੀ ਹੜਤਾਲ ਅਤੇ ਵਿਰੋਧ ਪ੍ਰਦਰਸ਼ਨਾਂ ਦੇ 5ਵੇਂ ਦਿਨ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਇਹ ਪੈਨਸ਼ਨ ਸੁਧਾਰ ਦੇਸ਼ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਦੂਸਰੇ ਕਾਰਜਕਾਲ ਦੀ ਇਕ ਪ੍ਰਮੁੱਖ ਨੀਤੀ ਹੈ। ਵਿਰੋਧ ਪ੍ਰਦਰਸ਼ਨ ਦਾ ਇਹ ਨਵਾਂ ਦੌਰ ਪਿਛਲੇ ਮੌਕਿਆਂ ਦੇ ਮੁਕਾਬਲੇ ਘੱਟ ਰੁਕਾਵਟ ਪੈਦਾ ਕਰਨ ਵਾਲਾ ਹੋਣ ਦੀ ਉਮੀਦ ਹੈ, ਕਿਉਂਕਿ ਪੈਰਿਸ ਮੈਟਰੋ ਆਮ ਵਾਂਗ ਚਲ ਰਹੀ ਹੈ ਅਤੇ ਜ਼ਿਆਦਾਤਰ ਸਕੂਲ ਖੁੱਲ੍ਹੇ ਹੋਏ ਹਨ।

ਹਾਲਾਂਕਿ, ਰੇਲਵੇ ਕਰਮਚਾਰੀਆਂ ਦੀ ਹੜਤਾਲ ਨਾਲ ਹਾਈ ਸਪੀਡ ਟੀਜੀਵੀ ਟਰੇਨਾਂ ਅਤੇ ਖੇਤਰੀ ਸੇਵਾਵਾਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੋ ਰਹੀਆਂ ਹਨ। ਪੈਰਿਸ ਦੇ ਦੂਸਰੇ ਸਭ ਤੋਂ ਰੁੱਝੇ ਹਵਾਈ ਅੱਡੇ ਓਰਲੀ ’ਤੇ ਲਗਭਗ ਇਕ ਤਿਹਾਈ ਉਡਾਣਾਂ ਰੱਦ ਹੋਣ ਦਾ ਖਦਸ਼ਾ ਹੈ ਅਤੇ ਖੇਤਰੀ ਹਵਾਈ ਅੱਡਿਆਂ 'ਤੇ ਵੀ ਉਡਾਣਾਂ ਵਿੱਚ ਵਿਘਨ ਪਵੇਗਾ। ਪ੍ਰਸਤਾਵਿਤ ਪੈਨਸ਼ਨ ਸੁਧਾਰਾਂ ਨੂੰ ਲੈ ਕੇ ਨੈਸ਼ਨਲ ਅਸੈਂਬਲੀ ਵਿਚ ਬਹਿਸ ਸ਼ੁਰੂ ਹੋ ਗਈ ਹੈ। ਇਸ ਦੇ ਤਹਿਤ ਘੱਟ ਤੋਂ ਘੱਟ ਰਿਟਾਇਰਮੈਂਟ ਦੀ ਉਮਰ 62 ਤੋਂ ਵਧਾ ਕੇ 64 ਕਰ ਦਿੱਤੀ ਗਈ ਹੈ ਅਤੇ ਪੂਰਨ ਪੈਨਸ਼ਨ ਦੇ ਹੱਕਦਾਰ ਹੋਣ ਲਈ ਲੋਕਾਂ ਨੂੰ ਘੱਟ ਤੋਂ ਘੱਟ 43 ਸਾਲਾਂ ਤੱਕ ਕੰਮ ਕਰਨ ਦੀ ਲੋੜ ਹੋਵੇਗੀ।


cherry

Content Editor

Related News