ਫਰਾਂਸ ’ਚ ‘ਵੈਕਸੀਨ ਪਾਸ’ ਖ਼ਿਲਾਫ਼ ਪ੍ਰਦਰਸ਼ਨ, ਰਾਜਧਾਨੀ ਪੈਰਿਸ ਨੂੰ ਘੇਰ ਰਹੇ ਟਰੱਕ ਡਰਾਈਵਰ
Friday, Feb 11, 2022 - 09:39 AM (IST)
ਪੈਰਿਸ (ਇੰਟ.)- ਕੈਨੇਡਾ ਤੋਂ ਸ਼ੁਰੂ ਹੋਇਆ ਕੋਰੋਨਾ ਵੈਕਸੀਨ ਦਾ ਵਿਰੋਧ ਹੁਣ ਫਰਾਂਸ ਵਿਚ ਪਹੁੰਚ ਗਿਆ ਹੈ। ਰਾਜਧਾਨੀ ਪੈਰਿਸ ਨੂੰ ਘੇਰਨ ਲਈ ਦਰਜਨਾਂ ਟਰੱਕ ਦੱਖਣੀ ਫਰਾਂਸ ਤੋਂ ਰਵਾਨਾ ਹੋ ਗਏ ਹਨ। ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਲੋਕ ਕਾਰ ਅਤੇ ਬਾਈਕ ਰਾਹੀਂ ਵੀ ਪਹੁੰਚ ਰਹੇ ਹਨ। ਇਸ ਅੰਦੋਲਨ ਨੂੰ ‘ਆਜ਼ਾਦ ਕਾਫਿਲਾ’ ਨਾਂ ਦਿੱਤਾ ਗਿਆ ਹੈ।
ਫਰਾਂਸੀਸੀ ਸਰਕਾਰ ਨੇ ਰੈਸਟੋਰੈਂਟਸ, ਥੀਏਟਰ ਅਤੇ ਸਿਨੇਮਾ ਵਰਗੀਆਂ ਥਾਵਾਂ ’ਤੇ ਜਾਣ ਲਈ ਵੈਕਸੀਨ ਪਾਸ ਲਾਜ਼ਮੀ ਕਰ ਦਿੱਤਾ ਸੀ। ਪ੍ਰਦਰਸ਼ਨਕਾਰੀ ਇਸ ‘ਵੈਕਸੀਨ ਪਾਸ’ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਹਨ। ਵਿਰੋਧ ਦੀ ਸ਼ੁਰੂਆਤ ਸੋਸ਼ਲ ਮੀਡੀਆ ਨਾਲ ਹੋਈ ਸੀ, ਜਿਸ ਤੋਂ ਬਾਅਦ ਦੇਖਦੇ-ਦੇਖਦੇ ਵੱਡੀ ਗਿਣਤੀ ਵਿਚ ਲੋਕ ਇਸਦਾ ਹਿੱਸਾ ਬਣਦੇ ਚਲੇ ਗਏ। ਅੰਦੋਲਨ ਨੂੰ ਹਿੰਸਕ ਹੋਣੋਂ ਰੋਕਣ ਲਈ ਫਰਾਂਸੀਸੀ ਸਰਕਾਰ ਡਿਫੈਂਸਿਵ ਮੋਡ ਵਿਚ ਆ ਗਈ ਹੈ। ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਹਾਲਾਤ ਨਾਰਮਲ ਹੁੰਦਿਆਂ ਹੀ ‘ਵੈਕਸੀਨ ਪਾਸ’ ਦੀ ਲੋੜ ਖ਼ਤਮ ਕਰ ਦਿੱਤੀ ਜਾਏਗੀ।
ਨਿਊਜ਼ੀਲੈਂਡ ’ਚ 120 ਲੋਕ ਗ੍ਰਿਫ਼ਤਾਰ
ਫਰਾਂਸ ਤੋਂ ਇਲਾਵਾ ਨਿਊਜ਼ੀਲੈਂਡ ਵੀ ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਤੀਸਰੇ ਦਿਨ ਪੁਲਸ ਨੇ ਵੈਲਿੰਗਟਨ ਵਿਚ ਸੰਸਦ ਭਵਨ ਦੇ ਬਾਹਰ ਸੜਕ ’ਤੇ ਡੇਰਾ ਲਾਈ ਬੈਠੇ 120 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀਆਂ ਸੰਸਦ ਦੇ ਸਪੀਕਰ ਟ੍ਰੇਵਰ ਮਲਾਰਡ ਵਲੋਂ ਸੜਕਾਂ ਨੂੰ ਬੰਦ ਕਰਨ ਦਾ ਦੁਰਲੱਭ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਹੋਈਆਂ।
ਪੜ੍ਹੋ ਇਹ ਅਹਿਮ ਖ਼ਬਰ -ਰਾਸ਼ਟਰਪਤੀ ਬਾਈਡੇਨ ਦੀ ਚਿਤਾਵਨੀ, ਤੁਰੰਤ ਯੂਕਰੇਨ ਛੱਡਣ ਅਮਰੀਕੀ ਨਾਗਰਿਕ
ਤੀਸਰੀ ਡੋਜ਼ ਦੇ ਡਾਟਾ ਨਾਲ ਕੀਤਾ ਜਾਏ ਫ਼ੈਸਲਾ
ਦੁਨੀਆ ਦੇ ਕਈ ਦੇਸ਼ਾਂ ਵਿਚ ਓਮੀਕ੍ਰੋਨ ਦੇ ਖਤਰੇ ਨੂੰ ਘੱਟ ਕਰਨ ਲਈ ਚੌਥੀ ਡੋਜ਼ ਦੀ ਮੰਗ ਹੋ ਰਹੀ ਹੈ। ਇਸ ’ਤੇ ਅਮਰੀਕਾ ਦੇ ਚੀਫ ਮੈਡੀਕਲ ਐਡਵਾਈਜਰ ਡਾ. ਐਂਥਨੀ ਫਾਉਚੀ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਵੈਕਸੀਨ ਦੀ ਚੌਥੀ ਡੋਜ਼ ਦੀ ਸ਼ਿਫਾਰਿਸ਼ ਕੀਤੀ ਜਾਏਗੀ। ਇਸ ਲਈ ਅਸੀਂ ਇਕ ਵਾਰ ਵਿਚ ਇਕ ਹੀ ਸਟੈਪ ਲੈ ਰਹੇ ਹਾਂ। ਤੀਸਰੀ ਡੋਜ਼ ਤੋਂ ਜੋ ਡਾਟਾ ਮਿਲੇਗਾ ਉਸਦੇ ਆਧਾਰ ’ਤੇ ਹੀ ਕੋਈ ਫ਼ੈਸਲਾ ਲਓ।
ਜਸਟਿਨ ਟਰੂਡੋ ਨੇ ਕੋਵਿਡ ਪਾਬੰਦੀਆਂ ’ਤੇ ਆਪਣਾ ਰੁਖ਼ ਸਪਸ਼ੱਟ ਕੀਤਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿਚ ਕੋਵਿਡ-19 ਨਾਲ ਨਜਿੱਠਣ ਲਈ ਲਗਾਈਆਂ ਗਈਆਂ ਪਾਬੰਦੀਆਂ ਦੇ ਖ਼ਿਲਾਫ਼ ਜਾਰੀ ਪ੍ਰਦਰਸ਼ਨ ਵਿਚਾਲੇ ਪਾਬੰਦੀਆਂ ਦੇ ਪੱਖ ਵਿਚ ਆਪਣਾ ਰੁਖ਼ ਸਪਸ਼ੱਟ ਕੀਤਾ। ਕੋਵਿਡ-19 ਸਬੰਧੀ ਪਾਬੰਦੀਆਂ ਅਤੇ ਟੀਕਾਕਰਨ ਦੀ ਲੋੜ ਦੇ ਖ਼ਿਲਾਫ਼ ਟਰੱਕ ਮਾਲਕਾਂ ਦੇ ਪ੍ਰਦਰਸ਼ਨ ਕਾਰਨ ਅਮਰੀਕਾ ਅਤੇ ਕੈਨੇਡਾ ਵਿਚਾਲੇ ਸਭ ਤੋਂ ਰੁਝੀ ਸਰਹੱਦ ਦੇ ਅੰਸ਼ਕ ਤੌਰ ’ਤੇ ਰੁਕਣ ਕਾਰਨ ਆਰਥਿਕ ਸਰਗਰਮੀਆਂ ਪ੍ਰਭਾਵਿਤ ਹੋ ਰਹੀਆਂ ਹਨ।ਟਰੂਡੋ ਨੇ ਓਟਾਵਾ ਵਿਚ ਸੰਸਦ ਵਿਚ ਕਿਹਾ ਕਿ ਅਸਲੀਅਤ ਇਹ ਹੈ ਕਿ ਟੀਕਾਕਰਨ ਲਾਜ਼ਮੀ ਹੈ ਅਤੇ ਤੱਥ ਇਹ ਹੈ ਕਿ ਕੈਨੇਡਾ ਦੇ ਲਗਭਗ 90 ਫੀਸਦੀ ਲੋਕ ਟੀਕੇ ਲਗਵਾ ਰਹੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।