ਬੈਲਜੀਅਮ ’ਚ ਅਫਗਾਨ ਪ੍ਰਵਾਸੀਆਂ ਨੇ ਤਾਲਿਬਾਨ-ਪਾਕਿਸਤਾਨ ਖ਼ਿਲਾਫ਼ ਕੀਤਾ ਪ੍ਰਦਰਸ਼ਨ
Tuesday, Aug 31, 2021 - 02:48 PM (IST)
ਬ੍ਰਸੇਲਸ (ਬਿਊਰੋ)– ਅਫਗਨਾਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਜਿਥੇ ਹਜ਼ਾਰਾਂ ਅਫਗਾਨ ਨਾਗਰਿਕ ਦੇਸ਼ ਛੱਡ ਕੇ ਭੱਜ ਰਹੇ ਹਨ, ਉਥੇ ਵਿਦੇਸ਼ਾਂ ’ਚ ਰਹਿ ਰਹੇ ਅਫਗਾਨੀ ਤਾਲਿਬਾਨ ਤੇ ਪਾਕਿਸਤਾਨ ਦਾ ਰੱਜ ਕੇ ਵਿਰੋਧ ਕਰ ਰਹੇ ਹਨ। ਦੁਨੀਆ ਭਰ ’ਚ ਤਾਲਿਬਾਨ ਦੇ ਵਿਰੋਧ ਵਿਚਾਲੇ ਬੈਲਜੀਅਮ ’ਚ ਵੀ ਅਫਗਾਨ ਪ੍ਰਵਾਸੀਆਂ ਨੇ ਤਾਲਿਬਾਨ ਦੇ ਅਫਗਾਨਿਸਤਾਨ ’ਤੇ ਕਬਜ਼ੇ ਤੇ ਪਾਕਿਸਤਾਨ ਵਲੋਂ ਅੱਤਵਾਦੀ ਸੰਗਠਨ ਨੂੰ ਸਮਰਥਨ ਦੇਣ ਦੇ ਖ਼ਿਲਾਫ਼ ਬ੍ਰਸੇਲਸ ਦੇ ਸ਼ੁਮਾਨ ਸਰਕਲ ’ਚ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਤਾਲਿਬਾਨ ਦਾ ਸਮਰਥਨ ਕਰਨ ਲਈ ਪਾਕਿਸਤਾਨ ਖ਼ਿਲਾਫ਼ ਨਾਅਰੇ ਵੀ ਲਗਾਏ। ਵਿਰੋਧ ਪ੍ਰਦਰਸ਼ਨ ’ਚ ਅਫਗਾਨ ਪ੍ਰਵਾਸੀ ਸੰਗਠਨ ਦੇ ਲਗਭਗ 60-70 ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੂੰ ਫੌਜ ਦੀ ਵਰਦੀ ਪਹਿਨੇ ਦੇਖਿਆ ਗਿਆ।
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਵੱਖ-ਵੱਖ ਦੇਸ਼ਾਂ ’ਚ ਰਹਿਣ ਵਾਲੇ ਅਫਗਾਨ ਨਾਗਰਿਕਾਂ ਵਲੋਂ ਕਈ ਵਿਰੋਧ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਲਗਭਗ 800 ਪ੍ਰਦਰਸ਼ਨਕਾਰੀਆਂ ਨੇ ਗ੍ਰੀਕ ਸੰਸਦ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਅਫਗਾਨਿਸਤਾਨ ’ਚ ਵਿਗੜਦੇ ਹਾਲਾਤ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ।
ਦੱਸ ਦੇਈਏ ਕਿ 15 ਅਗਸਤ, 2021 ਨੂੰ ਤਾਲਿਬਾਨ ਨੇ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਉਥੇ ਹਾਲਾਤ ਵਿਗੜ ਰਹੇ ਹਨ। ਉਥੋਂ ਲੋਕਾਂ ਨੂੰ ਬਾਹਰ ਕੱਢਣ ਲਈ ਕਈ ਦੇਸ਼ਾਂ ਦੀਆਂ ਸਰਕਾਰਾਂ ਨਿਕਾਸੀ ਮੁਹਿੰਮ ਚਲਾ ਰਹੀਆਂ ਹਨ। ਇਸ ਵਿਚਾਲੇ ਪਿਛਲੇ ਦਿਨੀਂ ਕਾਬੁਲ ਏਅਰਪੋਰਟ ਦੇ ਬਾਹਰ ਹੋਏ ਅੱਤਵਾਦੀ ਹਮਲੇ ’ਚ 13 ਅਮਰੀਕੀ ਫੌਜੀਆਂ ਸਮੇਤ ਕਈ ਲੋਕਾਂ ਦੀ ਜਾਨ ਚਲੀ ਗਈ।
ਇਸ ਹਮਲੇ ਦੀ ਜ਼ਿੰਮੇਵਾਰੀ ਆਈ. ਐੱਸ. ਆਈ. ਐੱਸ. ਕੇ. ਨੇ ਲਈ ਹੈ। ਉਥੇ ਅਮਰੀਕੀ ਰਾਸ਼ਟਰਪਤੀ ਨੇ ਅੱਤਵਾਦੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। 48 ਘੰਟਿਆਂ ਅੰਦਰ ਅਮਰੀਕਾ ਵਲੋਂ ਅੱਤਵਾਦੀ ਹਮਲੇ ਦਾ ਜਵਾਬ ਦਿੰਦਿਆਂ ਅੱਤਵਾਦੀਆਂ ’ਤੇ ਡਰੋਨ ਹਮਲਾ ਕੀਤਾ ਗਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।