ਪੈਗੰਬਰ ਵਿਵਾਦ : ਨੂਪੁਰ ਸ਼ਰਮਾ ਦੇ ਸਮਰਥਨ ’ਚ ਆਏ ਡੱਚ ਸੰਸਦ ਮੈਂਬਰ, ਕਿਹਾ-ਮੁਸਲਿਮ ਦੇਸ਼ਾਂ ਅੱਗੇ ਝੁਕਣ ਦੀ ਨਹੀਂ ਲੋੜ

Tuesday, Jun 07, 2022 - 04:23 PM (IST)

ਪੈਗੰਬਰ ਵਿਵਾਦ : ਨੂਪੁਰ ਸ਼ਰਮਾ ਦੇ ਸਮਰਥਨ ’ਚ ਆਏ ਡੱਚ ਸੰਸਦ ਮੈਂਬਰ, ਕਿਹਾ-ਮੁਸਲਿਮ ਦੇਸ਼ਾਂ ਅੱਗੇ ਝੁਕਣ ਦੀ ਨਹੀਂ ਲੋੜ

ਇੰਟਰਨੈਸ਼ਨਲ ਡੈਸਕ—ਭਾਜਪਾ ਨੇਤਾ ਨੂਪੁਰ ਸ਼ਰਮਾ ਦੇ ਪੈਗੰਬਰ ਮੁਹੰਮਦ ’ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਦੇਸ਼ ਦੀਆਂ ਹੀ ਸਿਆਸੀ ਪਾਰਟੀਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਇਸ ਦੌਰਾਨ ਨੀਦਰਲੈਂਡ ਦੇ ਇਕ ਸੰਸਦ ਮੈਂਬਰ ਨੂਪੁਰ ਸ਼ਰਮਾ ਦੇ ਸਮਰਥਨ ’ਚ ਆਏ ਹਨ। ਇਸਲਾਮਿਕ ਦੇਸ਼ਾਂ ਦੇ ਸਖ਼ਤ ਇਤਰਾਜ਼ ਵਿਚਕਾਰ ਨੀਦਰਲੈਂਡ ਦੇ ਸੰਸਦ ਮੈਂਬਰ ਅਤੇ ਪਾਰਟੀ ਫਾਰ ਫ੍ਰੀਡਮ ਦੇ ਪ੍ਰਧਾਨ ਗੀਰਟ ਵਿਲਡਰਸ ਨੇ ਕਈ ਟਵੀਟ ਕੀਤੇ ਅਤੇ ਕਿਹਾ ਕਿ ਇਹ ਹਾਸੋਹੀਣੀ ਗੱਲ ਹੈ ਕਿ ਅਰਬ ਅਤੇ ਇਸਲਾਮਿਕ ਦੇਸ਼ ਭਾਰਤੀ ਨੇਤਾ ਦੇ ਬਿਆਨ ’ਤੇ ਇੰਨੀ ਪ੍ਰਤੀਕਿਰਿਆ ਦੇ ਰਹੇ ਹਨ। ਗੀਰਟ ਵਿਲਡਰਸ ਨੇ ਕਿਹਾ ਕਿ ਭਾਰਤ ਨੂੰ ਮੁਆਫ਼ੀ ਮੰਗਣ ਦੀ ਕੋਈ ਲੋੜ ਨਹੀਂ ਹੈ।

ਡੱਚ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਨੂੰ ਇਸਲਾਮਿਕ ਦੇਸ਼ਾਂ ਦੀ ਪ੍ਰਤੀਕਿਰਿਆ ’ਤੇ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਤੁਸ਼ਟੀਕਰਨ ਕਦੇ ਕੰਮ ਨਹੀਂ ਆਉਂਦਾ, ਇਸ ਨਾਲ ਸਿਰਫ ਚੀਜ਼ਾਂ ਬਦਤਰ ਹੁੰਦੀਆਂ ਹਨ, ਇਸ ਲਈ ਭਾਰਤ ਦੇ ਮੇਰੇ ਦੋਸਤੋ ਇਸਲਾਮਿਕ ਦੇਸ਼ਾਂ ਤੋਂ ਨਾ ਡਰੋ, ਆਜ਼ਾਦੀ ਲਈ ਖੜ੍ਹੇ ਰਹੋ। ਉਨ੍ਹਾਂ ਟਵੀਟ ਕੀਤਾ ਕਿ ਪੈਗੰਬਰ ਮੁਹੰਮਦ ਦੇ ਨਾਂ ’ਤੇ ਮੈਨੂੰ ਹਰ ਰੋਜ਼ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਧਮਕੀ ਦੇਣ ਨਾਲ ਕੁਝ ਹਾਸਲ ਨਹੀਂ ਹੋਵੇਗਾ, ਮੈਂ ਸੱਚ ਬੋਲਣਾ ਨਹੀਂ ਛੱਡਾਂਗਾ।

ਦੱਸ ਦੇਈਏ ਕਿ ਭਾਜਪਾ ਨੇ ਪੈਗੰਬਰ ਮੁਹੰਮਦ ’ਤੇ ਵਿਵਾਦਿਤ ਟਿੱਪਣੀਆਂ ਕਾਰਨ ਐਤਵਾਰ ਨੂੰ ਪਾਰਟੀ ਦੀ ਰਾਸ਼ਟਰੀ ਬੁਲਾਰਨ ਨੂਪੁਰ ਸ਼ਰਮਾ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਮੀਡੀਆ ਮੁਖੀ ਨਵੀਨ ਕੁਮਾਰ ਜਿੰਦਲ ਵਿਰੁੱਧ ਸਖ਼ਤ ਕਾਰਵਾਈ ਕੀਤੀ ਸੀ। ਪਾਰਟੀ ਨੇ ਨੂਪੁਰ ਸ਼ਰਮਾ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ, ਜਦਕਿ ਨਵੀਨ ਕੁਮਾਰ ਜਿੰਦਲ ਨੂੰ ਪਾਰਟੀ ’ਚੋਂ ਕੱਢ ਦਿੱਤਾ। ਭਾਜਪਾ ਨੇਤਾਵਾਂ ਦੀ ਪੈਗੰਬਰ ਮੁਹੰਮਦ ’ਤੇ ਵਿਵਾਦਿਤ ਟਿੱਪਣੀ ਨੂੰ ਲੈ ਕੇ ਹੁਣ ਤਕ ਕਈ ਦੇਸ਼ ਇਤਰਾਜ਼ ਜਤਾ ਚੁੱਕੇ ਹਨ। ਈਰਾਨ, ਇਰਾਕ, ਕੁਵੈਤ, ਕਤਰ, ਸਾਊਦੀ ਅਰਬ, ਓਮਾਨ, ਯੂ.ਏ.ਈ., ਜਾਰਡਨ, ਅਫ਼ਗਾਨਿਸਤਾਨ, ਬਹਿਰੀਨ, ਮਾਲਦੀਵ, ਲੀਬੀਆ ਅਤੇ ਇੰਡੋਨੇਸ਼ੀਆ ਇਸ ’ਚ ਸ਼ਾਮਲ ਹਨ।


author

Manoj

Content Editor

Related News