ਇਟਲੀ ਦੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਲਾਸੀਓ ਫੜੇਗੀ ਪੰਜਾਬ ਦਾ ਹੱਥ, ਭੇਜੇਗੀ ਆਰਥਿਕ ਸਹਾਇਤਾ

Thursday, Sep 11, 2025 - 05:22 PM (IST)

ਇਟਲੀ ਦੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਲਾਸੀਓ ਫੜੇਗੀ ਪੰਜਾਬ ਦਾ ਹੱਥ, ਭੇਜੇਗੀ ਆਰਥਿਕ ਸਹਾਇਤਾ

ਰੋਮ (ਦਲਵੀਰ ਕੈਂਥ)- ਗੁਰੂਆਂ-ਪੀਰਾਂ ਦੀ ਚਰਨ ਛੋਹ ਪ੍ਰਾਪਤ ਪੰਜਾਬ ਭਾਰਤ ਦਾ ਅੱਵਲ ਦਰਜੇ ਦਾ ਸੂਬਾ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਹੜ੍ਹਾਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਇਨ੍ਹਾਂ ਹੜ੍ਹਾਂ ਕਾਰਨ 48 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਲੱਖਾਂ ਲੋਕਾਂ ਨੂੰ ਰੋਜ਼ੀ-ਰੋਟੀ ਦੇ ਲਾਲੇ ਪਾ ਦਿੱਤੇ ਹਨ, ਜਦਕਿ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਪਾਣੀ ਨਾਲ ਰੁੜ੍ਹ ਗਈਆਂ।

ਇਸ ਸਮੇਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹਾਲਾਤ ਬਹੁਤ ਹੀ ਨਾਜ਼ੁਕ ਬਣੇ ਹੋਏ ਹਨ, ਜਿਸ ਦੇ ਚਲਦਿਆਂ ਭਾਵੇਂ ਪੰਜਾਬ ਸਰਕਾਰ, ਕੇਂਦਰ ਸਰਕਾਰ, ਸਮਾਜ ਸੇਵੀ, ਅਦਾਕਾਰਾ, ਕਲਾਕਾਰ, ਕੀਰਤਨੀਏ , ਕਵੀਸ਼ਰੀ, ਢਾਡੀ ਜਥਿਆਂ ਸਮੇਤ ਐੱਨ.ਆਰ.ਆਈਜ਼ ਵੀਰਾਂ ਵੱਲੋਂ ਪੰਜਾਬ ਦੇ ਲੋਕਾਂ ਲਈ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ, ਪਰ ਫਿਰ ਵੀ ਦੁਨੀਆਂ ਭਰ ਵਿੱਚ ਵੱਸ ਦੀਆਂ ਸਿੱਖ ਸੰਗਤਾਂ ਨੂੰ ਪੰਜਾਬ ਦੀ ਚਿੰਤਾ ਨੇ ਪ੍ਰੇਸ਼ਾਨ ਕਰ ਰੱਖਿਆ ਹੈ।

PunjabKesari

ਪ੍ਰਵਾਸੀ ਸਿੱਖ ਸੰਗਤਾਂ ਪੰਜਾਬ ਦੀ ਹਰ ਸੰਭਵ ਸਹਾਇਤਾ ਲਈ ਦਿਨ-ਰਾਤ ਸੇਵਾ ਵਿੱਚ ਲੱਗੇ ਹੋਏ ਹਨ ਤੇ ਇਸੇ ਲੜੀ ਦੇ ਤਹਿਤ ਆਪਣੀ ਜਨਮ ਭੂਮੀ ਨੂੰ ਹੱਸਦਾ-ਵੱਸਦਾ ਦੇਖਣ ਦੀ ਚਾਹ ਰੱਖਣ ਵਾਲਾ ਹਰ ਇੱਕ ਪੰਜਾਬੀ ਪੰਜਾਬ ਦੇ ਨਾਲ ਖੜ੍ਹਾ ਹੈ। ਇਟਲੀ ਦੇ ਲਾਸੀਓ ਸੂਬੇ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦੇ ਨਾਲ ਪੰਜਾਬ ਦੇ ਹੜ੍ਹ ਪੀੜਤਾਂ ਦੀ ਡੱਟ ਕੇ ਸੇਵਾ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਲਾਸੀਓ ਦੇ ਪ੍ਰਧਾਨ ਭਾਈ ਰਘਵਿੰਦਰ ਸਿੰਘ ਮਿੰਟਾ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਲਾਸੀਓ ਸੂਬੇ ਵਿੱਚ 22 ਗੁਰਦੁਆਰਾ ਸਾਹਿਬ ਹਨ, ਜਿਨ੍ਹਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰ ਕੇ ਇਹ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਜੋ ਵੀ ਨੁਕਸਾਨ ਹੋਇਆ ਹੈ, ਜਦੋਂ ਪਾਣੀ ਦੇ ਹਲਾਤ ਕੁਝ ਠੀਕ ਹੋ ਜਾਣਗੇ, ਉਸ ਉਪਰੰਤ ਕਮੇਟੀ ਵੱਲੋਂ ਫੈਸਲਾ ਕਰਕੇ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਇਟਲੀ ਦੇ ਬਾਕੀ ਸੂਬਿਆਂ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਆਉ ਅਸੀਂ ਇੱਕਜੁੱਟ ਹੋ ਕੇ ਪੰਜਾਬ ਤੇ ਪੰਜਾਬੀਅਤ ਨਾਲ ਖੜ ਕੇ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਜੋ ਸਾਡੇ ਪੰਜਾਬੀ ਭਾਈਚਾਰੇ ਨੂੰ ਪੂਰਾ ਸਾਥ ਮਿਲ ਸਕੇ।

PunjabKesari

ਭਾਈ ਸਾਹਿਬ ਨੇ ਕਿਹਾ ਕਿ ਇਸ ਦੌਰਾਨ ਜਿੰਨੀ ਵੀ ਮਾਇਆ ਇੱਕਠੀ ਜਾਵੇਗੀ, ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਇਟਲੀ ਦੇ ਸਮੂਹ ਸੇਵਾਦਾਰਾਂ ਵੱਲੋਂ ਫ਼ੈਸਲਾ ਕੀਤਾ ਜਾਵੇਗਾ ਕਿ ਕਿਵੇਂ ਤੇ ਕਿਸ ਤਰ੍ਹਾਂ ਸੇਵਾਵਾਂ ਨਿਭਾਈਆਂ ਜਾਣਗੀਆਂ। 

ਦੱਸ ਦੇਈਏ ਕਿ ਭਾਰਤ ਦੇ ਪੰਜਾਬ ਰਾਜ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਘੱਟੋ-ਘੱਟ 780 ਕਰੋੜ ਦਾ ਵਿੱਤੀ ਨੁਕਸਾਨ ਹੋਇਆ ਹੈ, ਜਿਸ ਵਿੱਚ ਸ਼ੁਰੂਆਤੀ ਮੁਲਾਂਕਣਾਂ ਵਿੱਚ ਸਿਰਫ਼ ਸਿਹਤ ਬੁਨਿਆਦੀ ਢਾਂਚੇ ਨੂੰ ਨੁਕਸਾਨ ਹੀ ਦਿਖਾਇਆ ਗਿਆ ਹੈ। 9 ਸਤੰਬਰ, 2025 ਦੀਆਂ ਰਿਪੋਰਟਾਂ ਅਨੁਸਾਰ ਦਹਾਕਿਆਂ ਵਿੱਚ ਸਭ ਤੋਂ ਭਿਆਨਕ ਦੱਸੇ ਗਏ ਹੜ੍ਹਾਂ ਨੇ ਵੱਡੇ ਖੇਤਰਾਂ ਵਿੱਚ ਫਸਲਾਂ ਨੂੰ ਪ੍ਰਭਾਵਿਤ ਕੀਤਾ ਹੈ, ਲਗਭਗ 4 ਲੱਖ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ ਅਤੇ ਨਤੀਜੇ ਵਜੋਂ 48 ਜਾਨਾਂ ਗਈਆਂ ਹਨ। ਕੇਂਦਰ ਸਰਕਾਰ ਨੇ ਕੁਝ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨੇ ਮੌਜੂਦਾ ਫੰਡਾਂ ਤੋਂ ਇਲਾਵਾ  ਸੂਬੇ ਨੂੰ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ, ਪਰ ਸੂਬਾ ਸਰਕਾਰ ਅਤੇ ਕਿਸਾਨ ਯੂਨੀਅਨਾਂ ਦਾ ਤਰਕ ਹੈ ਕਿ ਇਹ ਨਾਕਾਫ਼ੀ ਹੈ।

PunjabKesari

ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਸੂਬਾ ਲਾਸੀਓ ਸਮੇਤ ਕੁਝ ਹੋਰ ਸੂਬਿਆਂ ਵਿੱਚ ਸਥਿਤ 22 ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਵਲੋ ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਢਾਂਚੇ ਵਿੱਚੋਂ ਇੱਕ ਆਗੂ ਦੀ ਚੋਣ ਕਰਕੇ ਇੱਕ 22 ਮੈਂਬਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਕਮੇਟੀ ਦਾ ਕਾਰਜ ਗੁਰਦੁਆਰਾ ਸਾਹਿਬਾਨਾਂ ਦੀ ਮਰਿਆਦਾ ਤੇ ਸਿੱਖੀ ਦਾ ਪ੍ਰਚਾਰ ਕਰਨਾ ਹੈ।

ਇਹ ਵੀ ਪੜ੍ਹੋ- ਜੇਲ੍ਹ 'ਚੋਂ ਭੱਜੇ ਕਈ ਕੈਦੀ ! ਬਾਰਡਰ ਕਰਨਾ ਪਿਆ ਸੀਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News