ਇਟਲੀ ''ਚ ਸਥਾਪਿਤ ਹੋਈ ਭਗਵਾਨ ਵਾਲਮੀਕਿ ਜੀ ਦੀ ਪਹਿਲੀ ਮੂਰਤੀ, PM ਮੋਦੀ ਨੇ ਕੀਤੀ ਪ੍ਰਸ਼ੰਸਾ
Thursday, Sep 04, 2025 - 12:06 PM (IST)

ਰੋਮ (ਦਲਵੀਰ ਕੈਂਥ)- 28 ਜੁਲਾਈ ਇਟਲੀ 'ਚ ਵਸਦੇ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪੈਰੋਕਾਰਾਂ ਲਈ ਹਮੇਸ਼ਾ ਲਈ ਬਹੁਤ ਹੀ ਇਤਿਹਾਸਿਕ ਤੇ ਯਾਦਗਾਰ ਰਹੇਗੀ। ਇਸ ਦਿਨ ਭਾਰਤ ਸਰਕਾਰ ਵੱਲੋਂ ਇਟਲੀ ਦੇ ਜਿਲ੍ਹਾ ਮਾਰਕੇ ਅਧੀਨ ਪੈਂਦੇ ਪਿੰਡ ਕੰਪੋਰਦੋਨਦੋ ਵਿਖੇ ਇਟਲੀ ਸਰਕਾਰ ਤੇ ਇੱਥੋਂ ਦੇ ਨਗਰ ਕੌਂਸਲ ਦੀ ਮਦਦ ਨਾਲ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੀ ਯੂਰਪ ਵਿੱਚ ਪਹਿਲੀ ਮੂਰਤੀ ਦੀ ਸਥਾਪਨਾ ਕੀਤੀ ਗਈ ਸੀ।
ਇਸ ਦਾ ਉਦਘਾਟਨ ਰੋਮ ਦੂਤਾਵਾਸ ਦੇ ਰਾਜਦੂਤ ਮੈਡਮ ਵਾਣੀ ਰਾਓ, ਉਸ ਸਮੇ ਦੇ ਉਪ ਰਾਜਦੂਤ ਅਮਰਾਰਾਮ ਗੁੱਜਰ ਤੇ ਨਗਰ ਕੌਂਸਲ ਦੇ ਮੇਅਰ ਮਾਸੀ ਮਲੀਆਨੋ ਮੀਉਚੀ ਵੱਲੋਂ ਕੀਤਾ ਗਿਆ ਸੀ। ਇਸ ਇਤਿਹਾਸਕ ਕਾਰਵਾਈ ਲਈ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਇਸ ਕਾਰਜ ਦੀ ਵਿਸ਼ੇਸ਼ ਪ੍ਰੋਗਰਾਮ 'ਮਨ ਦੀ ਬਾਤ' ਵਿੱਚ ਉਚੇਚੇ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਇਟਲੀ 'ਚ ਵਸਦੇ ਭਾਰਤੀ ਭਾਈਚਾਰੇ ਨੂੰ ਵਧਾਈ ਵੀ ਦਿੱਤੀ ਤੇ ਸਭ ਨੂੰ ਭਾਰਤੀ ਸੰਸਕ੍ਰਿਤੀ ਨਾਲ ਜੁੜਨ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ- 'ਵੱਡੀ ਲੜਾਈ' ਦੀ ਤਿਆਰੀ ਕਰ ਰਿਹਾ ਫਰਾਂਸ ! ਹਸਪਤਾਲਾਂ ਨੂੰ ਦਿੱਤੇ ਨਿਰਦੇਸ਼
ਸਮਾਜ ਸੇਵੀ ਸੰਸਥਾ ਇੰਡੋ ਇਟਾਲੀਅਨ ਵੈਲਫੇਅਰ ਤੇ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਨੂੰ ਕੁਮਾਰ ਤੇ ਮਹਾਰਿਸ਼ੀ ਭਗਵਾਨ ਵਾਲਮੀਕਿ ਸਭਾ ਯੂਰਪ ਦੇ ਪ੍ਰਧਾਨ ਦਲਵੀਰ ਭੱਟੀ ਤੇ ਸਮਾਜ ਸੇਵੀ ਤੇ ਕਾਰੋਬਾਰੀ ਕਮਲਜੀਤ ਸਿੰਘ ਸਾਗੀ ਵਲੋਂ ਇੱਕ ਵਫ਼ਦ ਭਾਰਤੀ ਭਾਈਚਾਰੇ ਦੇ ਨਾਲ ਮੂਰਤੀ ਸਥਾਪਨਾ ਵਾਲੀ ਜਗ੍ਹਾ 'ਤੇ ਪਹੁੰਚਿਆ ਤੇ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਅੱਗੇ ਨਤਮਸਤਕ ਹੋਏ। ਉਨ੍ਹਾਂ ਵਲੋਂ ਭਾਰਤ ਸਰਕਾਰ, ਇਟਲੀ ਸਰਕਾਰ, ਨਗਰ ਕੌਂਸਲ ਕੰਪੋਰਦੋਨਦੋ ਦੇ ਮੇਅਰ ਤੇ ਖਾਸ ਕਰਕੇ ਭਾਰਤੀ ਦੂਤਾਵਾਸ ਰੋਮ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਮੂਰਤੀ ਦੀ ਸਥਾਪਨਾ ਲਈ ਉਸ ਮੌਕੇ ਦੇ ਉਪ ਰਾਜਦੂਤ ਅਮਰਾਰਾਮ ਗੁੱਜਰ ਦਾ ਵਿਸ਼ੇਸ਼ ਯੋਗਦਾਨ ਰਿਹਾ ਸੀ ਕਿਉਂਕਿ ਉਨ੍ਹਾਂ ਦੇ ਉੱਦਮ ਸਦਕਾ ਹੀ ਇਹ ਸਾਰਾ ਕਾਰਜ ਪੂਰਾ ਹੋਇਆ ਤੇ ਕਿਉਂਕਿ ਉਨ੍ਹਾਂ ਦੀ ਦਿਲੀ ਤਮੰਨਾ ਸੀ ਕਿ ਮੇਰੇ ਰੋਮ ਦੇ ਕਾਰਜਕਾਲ ਦੌਰਾਨ ਇਸ ਮੂਰਤੀ ਦੀ ਸਥਾਪਨਾ ਹੋ ਜਾਵੇ। ਇਟਲੀ ਵਿੱਚ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਨੂੰ ਪੂਜਣ ਵਾਲੀਆਂ ਸੰਗਤਾਂ ਵਿੱਚ ਇਸ ਮੂਰਤੀ ਦੀ ਸਥਾਪਨਾ ਹੋਣ ਕਰਕੇ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e