ਸ਼੍ਰੀਲੰਕਾ ''ਚ ਫਸੇ ਭਾਰਤੀਆਂ ਨੂੰ 1 ਜੂਨ ਨੂੰ ਵਾਪਸ ਲਿਆਉਣ ਦੀ ਕਾਰਵਾਈ ਹੋਵੇਗੀ ਸ਼ੁਰੂ

05/21/2020 2:23:36 AM

ਕੋਲੰਬੋ (ਭਾਸ਼ਾ) - ਸ਼੍ਰੀਲੰਕਾ ਸਥਿਤ ਭਾਰਤੀ ਮਿਸ਼ਨ ਨੇ ਕੋਵਿਡ-19 ਦੇ ਪ੍ਰਕੋਪ ਕਾਰਨ ਲੱਗੀਆਂ ਯਾਤਰਾ ਪਾਬੰਦੀਆਂ ਕਾਰਨ ਟਾਪੂ ਰਾਸ਼ਟਰ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਦੀ ਵਿਵਸਥਾ ਕੀਤੀ ਹੈ। ਇਹ ਯਾਤਰਾ ਅਪਰੇਸ਼ਨ ਸਮੁੰਦਰ ਸੇਤੂ ਦੇ ਤਹਿਤ ਸੰਚਾਲਿਤ ਹੋਵੇਗੀ, ਜਿਸ ਦੇ ਤਹਿਤ ਭਾਰਤੀ ਨੌ-ਸੈਨਾ ਦੇ ਜਹਾਜ਼ ਵਿਦੇਸ਼ਾਂ ਵਿਚ ਫਸੇ ਨਾਗਰਿਕਾਂ ਨੂੰ ਆਪਣੇ ਦੇਸ਼ ਵਾਪਸ ਲਿਆ ਸਕਣਗੇ। ਭਾਰਤੀ ਹਾਈ ਕਮਿਸ਼ਨ ਨੇ ਇਕ ਬਿਆਨ ਵਿਚ ਆਖਿਆ ਕਿ ਸ਼੍ਰੀਲੰਕਾ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਚੱਲ ਰਹੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਭਾਰਤੀ ਨੌ-ਸੈਨਾ ਦਾ ਜਹਾਜ਼ ਆਈ. ਐਨ. ਐਸ. ਜਲਸ਼ਵਾ 1 ਜੂਨ, 2020 ਨੂੰ ਕੋਲੰਬੋ ਬੰਦਰਗਾਹ ਤੋਂ ਤੂਤੀਕੋਰਿਨ ਤੱਕ ਦੀ ਯਾਤਰਾ ਕਰੇਗਾ।

ਸ਼੍ਰੀਲੰਕਾ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਗਿਣਤੀ ਦਾ ਤੱਤਕਾਲ ਪਤਾ ਨਹੀਂ ਚੱਲ ਪਾਇਆ। ਇਨ੍ਹਾਂ ਵਿਚ ਵੀਜ਼ਾ ਧਾਰਕ ਪ੍ਰਵਾਸੀ ਮਜ਼ਦੂਰਾਂ, ਮੈਡੀਕਲ ਐਮਰਜੰਸੀ ਸਥਿਤੀ ਵਾਲੇ ਲੋਕ, ਗਰਭਵਤੀ ਔਰਤਾਂ, ਬਜ਼ੁਰਗ ਵਿਅਕਤੀਆਂ, ਵਿਦਿਆਰਥੀਆਂ ਅਤੇ ਹੋਰ ਜ਼ਰੂਰੀ ਕਾਰਜ ਵਾਲੇ ਲੋਕਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ। ਅਪਰੇਸ਼ਨ ਸਮੁੰਦਰ ਹੇਤੂ ਦੇ ਤਹਿਤ ਭਾਰਤੀ ਨੌ-ਸੈਨਾ ਦੇ ਜਹਾਜ਼ਾਂ ਨੇ ਮਾਲਦੀਵ ਤੋਂ ਕਰੀਬ 1500 ਭਾਰਤੀ ਨਾਗਰਿਕਾਂ ਨੂੰ ਲਿਆਂਦਾ ਸੀ। ਸ਼੍ਰੀਲੰਕਾ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 1,027 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 9 ਲੋਕਾਂ ਦੀ ਜਾਨ ਚੱਲੀ ਗਈ ਹੈ। ਦੇਸ਼ ਵਿਚ ਲਾਕਡਾਊਨ ਵਿਚ ਪਾਬੰਦੀਆਂ ਨੂੰ ਹੁਣ ਕਾਫੀ ਘੱਟ ਕਰ ਦਿੱਤਾ ਗਿਆ ਹੈ।


Khushdeep Jassi

Content Editor

Related News