ਪਾਕਿ ਜੇਲ੍ਹ 'ਚ ਜਿਣਸੀ ਸੋਸ਼ਣ ਮਗਰੋਂ ਕੈਦੀ ਦਾ ਕਤਲ, 7 ਪੁਲਸ ਮੁਲਾਜ਼ਮ ਮੁਅੱਤਲ ਤੇ 4 ਖ਼ਿਲਾਫ਼ ਕੇਸ ਦਰਜ
Friday, Jan 05, 2024 - 11:32 AM (IST)
ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੀ ਅਡਿਆਲਾ ਜੇਲ ’ਚ 4 ਕੈਦੀਆਂ ਵੱਲੋਂ ਕਥਿਤ ਤੌਰ ’ਤੇ ਜਿਣਸੀ ਸੋਸ਼ਣ ਅਤੇ ਗਲਾ ਘੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ 7 ਜੇਲ ਮੁਲਾਜ਼ਮਾਂ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਅਤੇ 4 ਕੈਦੀਆਂ ਖ਼ਿਲਾਫ਼ ਕਤਲ ਤੇ ਜਬਰ-ਜ਼ਨਾਹ ਦਾ ਕੇਸ ਦਰਜ ਕੀਤਾ ਗਿਆ। ਸਰਹੱਦ ਪਾਰਲੇ ਸੂਤਰਾਂ ਅਨੁਸਾਰ, ਅਡਿਆਲਾ ਦੇ ਸੁਪਰਡੈਂਟ ਸਾਦ ਜਾਵੇਦ ਵੜੈਚ ਨੇ ਸਦਰ ਪੁਲਸ ਰਾਵਲਪਿੰਡੀ ਕੋਲ ਇਕ ਐੱਫ. ਆਈ. ਆਰ. ਦਰਜ ਕਰਵਾਈ ਹੈ, ਜਿਸ ’ਚ ਦੱਸਿਆ ਕਿ ਮ੍ਰਿਤਕ ਸਬਿਲ ਕਰਾਮਤ ਪੁੱਤਰ ਕਰਾਮਤ ਜੇਲ ਸੈੱਲ-2 ਦੀ ਚੱਕੀ ਨੰਬਰ-10 ’ਚ ਬੰਦ ਸੀ, ਜੋ ਕਿ ਏਡਜ਼ ਦੇ ਮਰੀਜ਼ਾਂ ਲਈ ਰਾਖਵਾਂ ਸੈੱਲ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਬਾਅਦ ਹੁਣ ਅਮਰੀਕਾ 'ਚ ਹਿੰਦੂ ਮੰਦਰਾਂ ਨਾਲ ਛੇੜਛਾੜ, ਖਾਲਿਸਤਾਨੀ ਸਮਰਥਕਾਂ ਨੇ ਲਿਖੇ ਭਾਰਤ ਵਿਰੋਧੀ ਨਾਅਰੇ
ਬੀਤੀ ਰਾਤ ਕੁਝ ਵਿਚਾਰ ਅਧੀਨ ਕੈਦੀ ਨੇ ਸ਼ਿਕਾਇਤ ਕੀਤੀ ਤਾਂ ਉਸ ਦੀ ਸਿਹਤ ਵਿਗੜ ਗਈ। ਉਨ੍ਹਾਂ ਦੱਸਿਆ ਕਿ ਰਿਪੋਰਟ ਆਉਣ ਤੋਂ ਬਾਅਦ ਰਾਤ ਦੀ ਡਿਊਟੀ ’ਤੇ ਤਾਇਨਾਤ ਡਿਸਪੈਂਸਰ ਨੇ ਉਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕੈਦੀ ਨੂੰ ਸਾਹ ਲੈਣ ’ਚ ਗੰਭੀਰ ਸਮੱਸਿਆ ਹੈ ਅਤੇ ਉਸ ਨੂੰ ਦਵਾਈ ਦਿੱਤੀ ਗਈ ਹੈ ਪਰ ਅਗਲੀ ਸਵੇਰ ਸਬੀਲ ਬੇਹੋਸ਼ ਪਾਇਆ ਜਾਂਦਾ ਹੈ ਅਤੇ ਉਸ ਨੂੰ ਜੇਲ੍ਹ ਹਸਪਤਾਲ ਭੇਜ ਦਿੱਤਾ ਗਿਆ। ਜਾਂਚ ਤੋਂ ਬਾਅਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਉਸ ਦੀ ਗਰਦਨ ਦੁਆਲੇ ਤਸ਼ੱਦਦ ਦੇ ਨਿਸ਼ਾਨ ਮਿਲੇ ਹਨ ਅਤੇ ਉਸ ਦੀ ਮੌਤ ਸ਼ੱਕੀ ਜਾਪਦੀ ਹੈ। ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਸ਼ੱਕ ਹੈ ਕਿ ਸਬੀਲ ਕਰਾਮਤ ਦੇ ਕਤਲ ਤੋਂ ਪਹਿਲਾਂ ਉੱਚ ਸੁਰੱਖਿਆ ਵਾਲੀ ਅਡਿਆਲਾ ਜੇਲ੍ਹ ’ਚ ਚਾਰ ਕੈਦੀਆਂ ਵੱਲੋਂ ਉਸ ਦਾ ਜਿਣਸੀ ਸੋਸ਼ਣ ਕੀਤਾ ਗਿਆ ਸੀ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਸਥਿਤੀ ਦਾ ਪਤਾ ਲੱਗ ਸਕੇਗਾ। ਪੁਲਸ ਨੇ 4 ਸ਼ੱਕੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਦੋਂ ਕਿ 7 ਜੇਲ੍ਹ ਅਧਿਕਾਰੀਆਂ ਨੂੰ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਮਾਡਲ ਹੱਤਿਆਕਾਂਡ : ਹੋਟਲ ਮਾਲਕ ਗ੍ਰਿਫ਼ਤਾਰ, ਲਾਸ਼ ਟਿਕਾਣੇ ਲਾਉਣ ਵਾਲੇ 2 ਮੁਲਜ਼ਮ ਫਰਾਰ
ਮੁੱਢਲੀ ਜਾਂਚ ਤੋਂ ਬਾਅਦ ਰਾਵਲਪਿੰਡੀ ਜ਼ੋਨ ਦੇ ਡੀ. ਆਈ. ਜੀ. ਜੇਲ੍ਹ ਨੇ ਸਹਾਇਕ ਸੁਪਰਡੈਂਟ ਉਲਫ਼ਤ ਹੁਸੈਨ, ਚੀਫ ਵਾਰਡਰ ਮੁਹੰਮਦ ਵਾਰਡਰ ਰਮਜ਼ਾਨ, ਮੁਹੰਮਦ ਸ਼ਹਿਜ਼ਾਦ, ਮੁਹੰਮਦ ਸਫ਼ਦਰ, ਮੁਹੰਮਦ ਸ਼ਾਹਬਾਜ਼, ਹਮਜ਼ਾ ਅਮੀਰ ਅਤੇ ਮੁਹੰਮਦ ਲਿਆਕਤ ਨਾਮਕ 7 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਵਕਾਸ, ਆਸਿਫ਼, ਨਕਾਸ਼ ਅਤੇ ਬਿਲਾਲ ਖ਼ਿਲਾਫ਼ ਬੇਰੋਨੀ ਥਾਣੇ ’ਚ ਧਾਰਾ 376-ਏ (ਜਿਣਸੀ ਸੋਸ਼ਣ) ਅਤੇ 302 (ਕਤਲ) ਤਹਿਤ ਕੇਸ ਦਰਜ ਕੀਤਾ ਹੈ। ਮ੍ਰਿਤਕ ਅਤੇ ਸ਼ੱਕੀ ਵਿਅਕਤੀਆਂ ਨੂੰ ਏਡਜ਼ ਵਾਰਡ ’ਚ ਬੰਦ ਕਰ ਦਿੱਤਾ ਗਿਆ ਸੀ, ਜਦਕਿ 9 ਹੋਰ ਕੈਦੀ ਵੀ ਮ੍ਰਿਤਕ ਦੇ ਨਾਲ ਕੋਠੜੀ ’ਚ ਬੰਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।