31 ਮਾਰਚ ਨੂੰ ਸ਼ਾਹੀ ਜ਼ਿੰਮੇਦਾਰੀਆਂ ਤੋਂ ਮੁਕਤ ਹੋ ਜਾਣਗੇ ਪ੍ਰਿੰਸ ਹੈਰੀ ਤੇ ਮੇਘਨ

Thursday, Feb 20, 2020 - 05:48 PM (IST)

31 ਮਾਰਚ ਨੂੰ ਸ਼ਾਹੀ ਜ਼ਿੰਮੇਦਾਰੀਆਂ ਤੋਂ ਮੁਕਤ ਹੋ ਜਾਣਗੇ ਪ੍ਰਿੰਸ ਹੈਰੀ ਤੇ ਮੇਘਨ

ਲੰਡਨ- ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਉਹਨਾਂ ਦੀ ਪਤਨੀ ਮੇਘਨ ਦੀਆਂ ਜ਼ਿੰਮੇਦਾਰੀਆਂ 31 ਮਾਰਚ ਨੂੰ ਅਧਿਕਾਰਿਤ ਤੌਰ 'ਤੇ ਖਤਮ ਹੋ ਜਾਣਗੀਆਂ। ਇਸ ਦੇ ਨਾਲ ਹੀ ਉਹ ਇਹਨਾਂ ਸ਼ਾਹੀ ਜ਼ਿੰਮੇਦਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਣਗੇ। ਹੈਰੀ ਤੇ ਮੇਘਨ ਇਕ ਅਪ੍ਰੈਲ ਤੋਂ ਲੰਡਨ ਸਥਿਤ ਬਕਿੰਘਮ ਪੈਲੇਸ ਵਿਚ ਆਪਣੇ ਦਫਤਰ ਬੰਦ ਕਰ ਦੇਣਗੇ। ਇਸ ਸ਼ਾਹੀ ਜੋੜੇ ਨੇ ਬੀਤੀ 8 ਜਨਵਰੀ ਨੂੰ ਇਹ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਸ਼ਾਹੀ ਜ਼ਿੰਮੇਦਾਰੀਆਂ ਛੱਡ ਕੇ ਆਰਥਿਕ ਤੌਰ 'ਤੇ ਸੁਤੰਤਰ ਹੋਣਾ ਚਾਹੁੰਦੇ ਹਨ।

ਹੈਰੀ ਤੇ ਮੇਘਨ ਦੇ ਦਫਤਰ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕੀਤਾ, ਜਿਸ ਵਿਚ ਕਿਹਾ ਗਿਆ ਕਿ ਪ੍ਰਿੰਸ ਹੈਰੀ ਮੇਜਰ, ਲੈਫਟੀਨੈਂਟ ਕਮਾਂਡਰ ਤੇ ਸਕਵਾਰਡਨ ਲੀਡਰ ਦੇ ਅਹੁਦਿਆਂ 'ਤੇ ਬਣੇ ਰਹਿਣਗੇ। ਮੇਘਨ ਆਉਣ ਵਾਲੇ ਸਮੇਂ ਵਿਚ ਆਪਣੇ ਗੈਰ-ਲਾਭਕਾਰੀ ਸੰਗਠਨ ਦਾ ਐਲਾਨ ਕਰੇਗੀ। ਇਹ ਜੋੜਾ ਆਪਣੀਆਂ ਆਖਰੀ ਸ਼ਾਹੀ ਜ਼ਿੰਮੇਦਾਰੀਆਂ ਦੇ ਤੌਰ 'ਤੇ 9 ਮਾਰਚ ਨੂੰ ਵੈਸਟਮਿੰਸਟਰ ਏਬੀ ਵਿਚ ਹੋਣ ਵਾਲੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਵੇਗਾ।

ਕੈਨੇਡਾ ਵਿਚ ਬਣਾਇਆ ਆਸ਼ੀਆਨਾ
ਸ਼ਾਹੀ ਪਰਿਵਾਰ ਤੋਂ ਵੱਖ ਹੋਏ ਹੈਰੀ ਤੇ ਮੇਘਨ ਫਿਲਹਾਲ ਕੈਨੇਡਾ ਵਿਚ ਹਨ। ਉਹ ਵੈਨਕੂਵਰ ਟਾਪੂ ਦੇ ਵਿਕਟੋਰੀਆ ਸਥਿਤ ਇਕ ਆਲੀਸ਼ਾਨ ਘਰ ਵਿਚ ਆਪਣੇ 10 ਮਹੀਨੇ ਦੇ ਬੇਟੇ ਆਰਚੀ ਨਾਲ ਰਹਿ ਰਹੇ ਹਨ। ਸ਼ਾਹੀ ਪਰਿਵਾਰ ਤੋਂ ਦੂਰੀ ਬਣਾਉਣ ਦੀ ਕਵਾਇਦ ਵਿਚ ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਉਹਨਾਂ ਦੀ ਪਤਨੀ ਮੇਘਨ ਮਰਕੇਲ ਨੇ ਹਾਲ ਹੀ ਵਿਚ ਆਪਣੇ 15 ਮੈਂਬਰੀ ਸਟਾਫ ਦੀ ਛੁੱਟੀ ਕਰ ਦਿੱਤੀ ਸੀ। ਸੂਚਨਾ ਸੀ ਕਿ ਦੋਵੇਂ ਲੰਡਨ ਸਥਿਤ ਬਕਿੰਘਮ ਪੈਲੇਸ ਵਿਚ ਆਪਣੇ ਦਫਤਰ ਨੂੰ ਵੀ ਬੰਦ ਕਰਨ ਜਾ ਰਹੇ ਹਨ। ਡੇਲੀ ਮੇਲ ਅਖਬਾਰ ਮੁਤਾਬਕ ਹੈਰੀ ਤੇ ਮੇਘਨ ਨੇ ਸ਼ਾਹੀ ਜ਼ਿੰਮੇਦਾਰੀਆਂ ਤੋਂ ਹਟਣ ਦਾ ਐਲਾਨ ਕਰਨ ਤੋਂ ਬਾਅਦ ਆਪਣੇ ਸਟਾਫ ਨੂੰ ਵੀ ਦੱਸ ਦਿੱਤਾ ਕਿ ਹੁਣ ਉਹਨਾਂ ਦੀ ਲੋੜ ਨਹੀਂ ਹੈ।


author

Baljit Singh

Content Editor

Related News