ਰਾਜਸ਼ਾਹੀ ਤੋਂ ਵੱਖ ਹੋਣ ਦੀ ਪ੍ਰਕਿਰਿਆ ਬਹੁਤ ਮੁਸ਼ਕਲ ਸੀ : ਪ੍ਰਿੰਸ ਹੈਰੀ
Monday, Mar 01, 2021 - 02:39 PM (IST)
ਵਾਸ਼ਿੰਗਟਨ (ਭਾਸ਼ਾ): ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਹੈਰੀ ਨੇ ਕਿਹਾ ਹੈ ਕਿ ਸ਼ਾਹੀ ਜੀਵਨਸ਼ੈਲੀ ਤੋਂ ਖੁਦ ਨੂੰ ਵੱਖ ਕਰਨ ਦੀ ਪ੍ਰਕਿਰਿਆ ਉਹਨਾਂ ਲਈ ਅਤੇ ਪਤਨੀ ਮੇਗਨ ਮਰਕੇਲ ਲਈ ਬਹੁਤ ਮੁਸ਼ਕਲ ਸੀ। ਹੈਰੀ ਨੇ ਓਫਰਾ ਵਿਨਫ੍ਰੇ ਨੂੰ ਦਿੱਤੇ ਇੰਟਰਵਿਊ ਦੌਰਾਨ ਆਪਣੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਨੂੰ ਯਾਦ ਕੀਤਾ, ਜਿਹਨਾਂ ਨੇ ਰਾਜਕੁਮਾਰ ਚਾਰਲਸ ਨਾਲ ਤਲਾਕ ਦੇ ਬਾਅਦ ਆਪਣੇ ਲਈ ਵੱਖਰਾ ਰਸਤਾ ਚੁਣਿਆ। ਉਹਨਾਂ ਨੇ ਕਿਹਾ,''ਮੇਰੇ ਲਈ ਇਹ ਬਹੁਤ ਰਾਹਤ ਅਤੇ ਖੁਸ਼ੀ ਦੀ ਗੱਲ ਹੈ ਕਿ ਮੈਂ ਆਪਣੀ ਪਤਨੀ ਨਾਲ ਬੈਠ ਕੇ ਤੁਹਾਡੇ ਨਾਲ ਇੱਥੇ ਗੱਲ ਕਰ ਰਿਹਾ ਹਾਂ ਕਿਉਂਕਿ ਮੈਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦਾ ਕਿ ਰਾਜਕੁਮਾਰੀ ਡਾਇਨਾ ਲਈ ਉਹਨਾਂ ਦਿਨਾਂ ਵਿਚ ਇਸ ਪ੍ਰਕਿਰਿਆ ਵਿਚੋਂ ਇਕੱਲੇ ਲੰਘਣਾ ਕਿੰਨਾ ਮੁਸ਼ਕਲ ਰਿਹਾ ਹੋਵੇਗਾ।''
ਹੈਰੀ ਨੇ ਕਿਹਾ,''ਇਹ ਸਾਡੇ ਦੋਹਾਂ ਲਈ ਇੰਨਾ ਮੁਸ਼ਕਲ ਸੀ ਕਿ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਘੱਟੋ-ਘੱਟ ਅਸੀਂ ਇਕ ਦੂਜੇ ਦੇ ਨਾਲ ਹਾਂ।'' ਇਸ ਇੰਟਰਵਿਊ ਨੂੰ ਸੀ.ਬੀ.ਐੱਸ. 'ਤੇ 7 ਮਾਰਚ ਅਤੇ ਇਸ ਦੇ ਅਗਲੇ ਦਿਨ ਬ੍ਰਿਟੇਨ ਵਿਚ ਪ੍ਰਸਾਰਿਤ ਕੀਤਾ ਜਾਵੇਗਾ। ਇੰਟਰਵਿਊ ਦੀ ਇਸ ਕਲਿਪ ਵਿਚ ਜਦੋਂ ਹੈਰੀ ਇਹ ਟਿੱਪਣੀ ਕਰ ਰਹੇ ਹਨ ਤਾਂ ਡਾਇਨਾ ਦੀ ਹੈਰੀ ਨਾਲ ਤਸਵੀਰ ਦਿਖਾਈ ਦੇ ਰਹੀ ਹੈ ਜਿਸ ਵਿਚ ਉਹ ਨੰਨ੍ਹੇ ਹੈਰੀ ਨੂੰ ਫੜੇ ਹੋਏ ਹਨ। ਇੱਥੇ ਦੱਸ ਦਈਏ ਕਿ ਡਾਇਨਾ ਦੀ ਕਾਰ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ 1997 ਵਿਚ ਮੌਤ ਹੋ ਗਈ ਸੀ।
ਪੜ੍ਹੋ ਇਹ ਅਹਿਮ ਖਬਰ- ਵੇਲਜ਼ ਨੇ ਲਗਾਈ ਹਸਪਤਾਲਾਂ, ਸਕੂਲਾਂ ਅਤੇ ਖੇਡ ਮੈਦਾਨਾਂ 'ਚ ਸਿਗਰਟਨੋਸ਼ੀ 'ਤੇ ਪਾਬੰਦੀ
ਹੈਰੀ ਅਤੇ ਮੇਗਨ ਨੇ ਮਾਰਚ 2020 ਵਿਚ ਖੁਦ ਨੂੰ ਸ਼ਾਹੀ ਜੀਵਨ ਤੋਂ ਵੱਖ ਕਰ ਲਿਆ ਸੀ। ਬਰਮਿੰਘਮ ਪੈਲਸ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਹੈਰੀ ਅਤੇ ਮਰਕੇਲ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਕਾਰਜਕਾਰੀ ਮੈਂਬਰਾਂ ਦੇ ਤੌਰ 'ਤੇ ਕਦੇ ਨਹੀਂ ਪਰਤਣਗੇ। ਹੈਰੀ ਦੀ ਦਾਦੀ ਮਹਾਰਾਣੀ ਐਲ਼ੀਜ਼ਾਬੇਥ ਦੂਜੀ ਵੱਲੋਂ ਜਾਰੀ ਇਕ ਬਿਆਨ ਵਿਚ ਰਾਜਮਹਿਲ ਨੇ ਕਿਹਾ ਸੀ ਕਿ ਰਾਜਕੁਮਾਰ ਅਤੇ ਰਾਜਕੁਮਾਰੀ ਨੇ ਮਹਾਰਾਣੀ ਨੂੰ ਆਪਣੇ ਫ਼ੈਸਲੇ ਤੋਂ ਜਾਣੂ ਕਰਵਾਇਆ ਹੈ। ਦੋਹਾਂ ਦੀ ਰਾਜਸ਼ਾਹੀ ਤੋਂ ਰਿਸ਼ਤਾ ਤੋੜਨ ਸੰਬੰਧੀ ਘੋਸ਼ਣਾ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। ਮਹਾਰਾਣੀ (94) ਨੇ ਫ਼ੈਸਲੇ ਦੇ ਬਾਰੇ ਵਿਚ ਉਹਨਾਂ ਨੂੰ ਪੱਤਰ ਲਿਖਿਆ ਅਤੇ ਕਿਹਾ ਕਿ ਉਹਨਾਂ ਦੇ ਨਾ ਪਰਤਣ 'ਤੇ ਉਹਨਾਂ ਦੀਆਂ ਸਾਰੀਆਂ ਆਨਰੇਰੀ ਫੌਜੀ ਨਿਯੁਕਤੀਆਂ ਅਤੇ ਰਾਜਸ਼ਾਹੀ ਦੇ ਅਹੁਦੇ ਸ਼ਾਹੀ ਪਰਿਵਾਰ ਦੇ ਹੋਰ ਕਾਰਜਕਾਰੀ ਮੈਂਬਰਾਂ ਵਿਚ ਵੰਡ ਦਿੱਤੇ ਜਾਣਗੇ।