ਟਰੂਡੋ ਸਰਕਾਰ ਲਈ ਖ਼ਤਰੇ ਦੀ ਘੰਟੀ, NDP ਮੁਖੀ ਜਗਮੀਤ ਸਿੰਘ ’ਤੇ ਸਮਰਥਨ ਵਾਪਸ ਲੈਣ ਦਾ ਦਬਾਅ

Sunday, Oct 15, 2023 - 11:31 AM (IST)

ਟਰੂਡੋ ਸਰਕਾਰ ਲਈ ਖ਼ਤਰੇ ਦੀ ਘੰਟੀ, NDP ਮੁਖੀ ਜਗਮੀਤ ਸਿੰਘ ’ਤੇ ਸਮਰਥਨ ਵਾਪਸ ਲੈਣ ਦਾ ਦਬਾਅ

ਇੰਟਰਨੈਸ਼ਨਲ ਡੈਸਕ- ਖਾਲਿਸਤਾਨ ਸਮਰਥਕ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਮੁਖੀ ਜਗਮੀਤ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਦਬਾਅ ਪਾ ਕੇ ਆਪਣਾ ਖਾਲਿਸਤਾਨੀ ਏਜੰਡਾ ਚਲਾਉਣ ’ਚ ਸਫਲ ਹੋਏ ਹੋਣ ਪਰ ਘਰੇਲੂ ਮੋਰਚੇ ’ਤੇ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਅੰਦਰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੈਮਿਲਟਨ ਵਿਚ ਹੋਈ ਪਾਰਟੀ ਦੀ ਸਾਲਾਨਾ ਕਨਵੈਨਸ਼ਨ ਦੌਰਾਨ ਆਗੂਆਂ ਨੇ ਪਾਰਟੀ ਮੁਖੀ ਜਗਮੀਤ ਸਿੰਘ ਨੂੰ ਸਪੱਸ਼ਟ ਕੀਤਾ ਕਿ ਜਾਂ ਤਾਂ ਉਹ ਜਸਟਿਨ ਟਰੂਡੋ ਦੀ ਸਰਕਾਰ ਤੋਂ ਯੂਨੀਵਰਸਲ ਸਿੰਗਲ ਪੇਅਰ ਫਾਰਮਾ ਕੇਅਰ ਪ੍ਰੋਗਰਾਮ ਸ਼ੁਰੂ ਕਰਵਾਉਣ ਜਾਂ ਲਿਬਰਲ ਪਾਰਟੀ ਨਾਲ 17 ਮਹੀਨੇ ਪਹਿਲਾਂ ਕੀਤੇ ਸਮਝੌਤੇ ਨੂੰ ਰੱਦ ਕਰ ਕੇ ਜਸਟਿਨ ਟਰੂਡੋ ਦੀ ਪਾਰਟੀ ਤੋਂ ਸਮਰਥਨ ਵਾਪਸ ਲੈਣ। ਐੱਨ.ਡੀ.ਪੀ. ਦੀ ਕਨਵੈਨਸ਼ਨ ਵਿਚ ਪਾਸ ਕੀਤੇ ਗਏ ਇਸ ਮਤੇ ਤੋਂ ਬਾਅਦ ਜਸਟਿਨ ਟਰੂਡੋ ਦੀ ਸਰਕਾਰ ’ਤੇ ਖਤਰਾ ਵੱਧ ਗਿਆ ਹੈ ਅਤੇ ਕੈਨੇਡਾ ਵਿਚ ਕਿਸੇ ਵੀ ਸਮੇਂ ਸਿਆਸੀ ਅਸਥਿਰਤਾ ਦੇਖਣ ਨੂੰ ਮਿਲ ਸਕਦੀ ਹੈ।

ਦਰਅਸਲ ਕੈਨੇਡਾ ਵਿਚ ਜਸਟਿਨ ਟਰੂਡੋ ਦੀ ਸਰਕਾਰ ਐੱਨ.ਡੀ. ਪੀ.ਦੇ ਸਮਰਥਨ 'ਤੇ ਟਿਕੀ ਹੋਈ ਹੈ। ਐੱਨ.ਡੀ.ਪੀ. ਦੇ ਕੈਨੇਡੀਅਨ ਪਾਰਲੀਮੈਂਟ ਵਿਚ 25 ਸੰਸਦ ਮੈਂਬਰ ਹਨ ਅਤੇ ਇਸ ਨੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ 2025 ਤੱਕ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਦੋਵੇਂ ਪਾਰਟੀਆਂ ’ਚ ਸਮਝੌਤਾ ਹੋਇਆ ਹੈ ਕਿ ਐੱਨ.ਡੀ.ਪੀ. 2025 ਤੋਂ ਪਹਿਲਾਂ ਸਰਕਾਰ ਤੋਂ ਸਮਰਥਨ ਵਾਪਸ ਨਹੀਂ ਲਵੇਗੀ ਅਤੇ ਕੈਨੇਡੀਅਨ ਲੋਕਾਂ ਨੂੰ ਚੋਣਾਂ ਵੱਲ ਨਹੀਂ ਧੱਕੇਗੀ ਪਰ ਐੱਨ.ਡੀ.ਪੀ. ਦੀ ਸਾਲਾਨਾ ਕਾਰਜਕਾਰਨੀ ਵਿਚ ਪਾਰਟੀ ਮੈਂਬਰਾਂ ਨੇ ਸਮਝੌਤੇ ਨੂੰ ਕਚਰਾ ਕਰਾਰ ਦਿੱਤਾ। ਇਸ ਕਨਵੈਨਸ਼ਨ ਦੇ ਪਹਿਲੇ ਦਿਨ 540 ਆਗੂਆਂ ਨੇ ਭਾਗ ਲਿਆ ਅਤੇ ਅਗਲੇ ਦੋ ਦਿਨਾਂ ਵਿਚ 1200 ਹੋਰ ਆਗੂ ਇਸ ਕਨਵੈਨਸ਼ਨ ਵਿਚ ਹਿੱਸਾ ਲੈਣਗੇ।

ਸਰਵੇ ’ਚ ਐੱਨ.ਡੀ.ਪੀ. ਤੀਜੇ ਸਥਾਨ ’ਤੇ ਖਿਸਕੀ

ਹਾਲ ਹੀ ’ਚ ਕੈਨੇਡਾ ’ਚ ਚੋਣਾਂ ਤੋਂ ਪਹਿਲਾਂ ਕੀਤੇ ਸਰਵੇ ਦੇ ਅੰਕੜੇ ਸਾਹਮਣੇ ਆਏ ਹਨ, ਜਿਸ ’ਚ ਐੱਨ.ਡੀ.ਪੀ. 18 ਫੀਸਦੀ ਵੋਟ ਸ਼ੇਅਰ ਨਾਲ ਪਛੜਦੀ ਨਜ਼ਰ ਆ ਰਹੀ ਹੈ। ਜਦ ਕਿ ਕੰਜ਼ਰਵੇਟਿਵ ਪਾਰਟੀ 39 ਫੀਸਦੀ ਵੋਟਾਂ ਨਾਲ ਤੀਜੇ ਸਥਾਨ ’ਤੇ ਹੈ ਅਤੇ ਲਿਬਰਲ ਪਾਰਟੀ 27 ਫੀਸਦੀ ਵੋਟਾਂ ਲੈ ਰਹੀ ਹੈ। ਪਾਰਟੀ ਕਨਵੈਨਸ਼ਨ ਦੌਰਾਨ ਆਗੂਆਂ ਨੇ ਆਗਾਮੀ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਦੇ ਪੱਛੜਣ ’ਤੇ ਵੀ ਰੋਸ ਪ੍ਰਗਟ ਕੀਤਾ। ਦਰਅਸਲ ਕੈਨੇਡਾ ਵਿਚ ਵਧਦੀ ਮਹਿੰਗਾਈ ਦੇ ਨਾਲ, ਮਕਾਨ ਦੇ ਕਿਰਾਏ 11 ਸਾਲਾਂ ਵਿਚ ਉੱਚ ਪੱਧਰ ’ਤੇ ਹਨ । ਹੋਮ ਲੋਨ (ਮੌਰਗੇਜ) ਦੀ ਮਿਆਦ 47 ਸਾਲ ਤੱਕ ਪਹੁੰਚ ਗਈ ਹੈ। ਅਜਿਹਾ ਵਿਆਜ਼ ਦਰਾਂ ਵਿਚ ਵਾਧੇ ਕਾਰਨ ਹੋਇਆ ਹੈ । ਵਿਰੋਧੀ ਪਾਰਟੀ ਕੰਜ਼ਰਵੇਟਿਵ ਆਗੂ ਪਿਏਰੇ ਪੋਲੀਵਰ ਇਨ੍ਹਾਂ ਮੁੱਦਿਆਂ ਨੂੰ ਜਨਤਾ ਦੇ ਸਾਹਮਣੇ ਚੁੱਕ ਰਹੇ ਹਨ, ਜਿਸ ਦਾ ਕੰਜ਼ਰਵੇਟਿਵ ਪਾਰਟੀ ਨੂੰ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਐੱਨ.ਡੀ.ਪੀ. ਅਗਲੀਆਂ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਜੁੜੇ ਸਾਰੇ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਐੱਨ.ਡੀ.ਪੀ. ਨੇ ਹੁਣ ਜਸਟਿਨ ਟਰੂਡੋ ਦੀ ਸਰਕਾਰ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਰਵੇ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਖੁਦ ਨੂੰ ਮੁੱਖ ਵਿਰੋਧੀ ਪਾਰਟੀ ਵਜੋਂ ਪੇਸ਼ ਕਰਨ ਲਈ ਕਈ ਤਰੀਕੇ ਅਪਨਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦਾ ਗ੍ਰੀਨ ਕਾਰਡ ਉਡੀਕਣ ਵਾਲਿਆਂ ਲਈ ਵੱਡਾ ਐਲਾਨ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

2024 ਵਿਚ ਚੋਣਾਂ ਲੜਨ ਲਈ ਤਿਆਰ ਐੱਨ.ਡੀ.ਪੀ.

ਇਕ ਐੱਨ.ਡੀ.ਪੀ. ਆਗੂ ਟੇਲੋਨ ਲੀਜੈਂਡ ਨੇ ਕਿਹਾ ਕਿ ਸਰਕਾਰ ਨੂੰ ਹਾਊਸਿੰਗ ਅਤੇ ਫਾਰਮਾ ਵਿਚ ਹੋਰ ਕਦਮ ਚੁੱਕਣ ਦੀ ਲੋੜ ਹੈ। ਜੇਕਰ ਜਸਟਿਨ ਟਰੂਡੋ ਦੀ ਸਰਕਾਰ ਫਾਰਮਾਕੇਅਰ ਪ੍ਰੋਗਰਾਮ ਬਾਰੇ ਗੰਭੀਰਤਾ ਨਹੀਂ ਦਿਖਾਉਂਦੀ ਤਾਂ ਐੱਨ.ਡੀ.ਪੀ. ਨੂੰ ਤੁਰੰਤ ਸਰਕਾਰ ਤੋਂ ਸਮਰਥਨ ਵਾਪਸ ਲੈਣਾ ਚਾਹੀਦਾ ਹੈ। ਵਿਰੋਧੀ ਪਾਰਟੀ ਕੰਜ਼ਰਵੇਟਿਵ ਇਸ ਮਾਮਲੇ ਵਿਚ ਕਿਸੇ ਦਾ ਸਾਥ ਦੇਣ ਲਈ ਤਿਆਰ ਨਹੀਂ ਹੈ। ਉਹ ਮੁੱਦਿਆਂ ਬਾਰੇ ਬੱਚਿਆਂ ਵਾਂਗ ਰੌਲਾ ਪਾਉਂਦੇ ਹਨ ਪਰ ਜਦੋਂ ਕੰਮ ਦੀ ਗੱਲ ਆਉਂਦੀ ਹੈ ਤਾਂ ਉਹ ਕਿਸੇ ਦਾ ਸਾਥ ਨਹੀਂ ਦਿੰਦੇ। ਕਨਵੈਨਸ਼ਨ ਦੌਰਾਨ ਇਹ ਵੀ ਚਰਚਾ ਹੋਈ ਕਿ ਕੈਨੇਡਾ ਵਿਚ 2024 ਤੋਂ ਪਹਿਲਾਂ ਆਮ ਚੋਣਾਂ ਕਰਵਾਈਆਂ ਜਾਣ ਤਾਂ ਪਾਰਟੀ ਆਗੂਆਂ ਨੇ ਕਿਹਾ ਕਿ ਉਹ ਚੋਣਾਂ ਲਈ ਤਿਆਰ ਹਨ। ਹਾਲਾਂਕਿ ਐੱਨ.ਡੀ.ਪੀ. ’ਤੇ ਅਜੇ ਵੀ 20 ਲੱਖ ਡਾਲਰ ਦਾ ਕਰਜ਼ਾ ਹੈ। ਪਾਰਟੀ ’ਤੇ 2021 ਵਿਚ 22 ਮਿਲੀਅਨ ਡਾਲਰ ਦਾ ਕਰਜ਼ਾ ਸੀ । ਪਾਰਟੀ ਦੇ ਖਜ਼ਾਨਚੀ ਸੁਜ਼ੈਨ ਸਕਿਡਮੋਰ ਨੇ ਕਿਹਾ ਕਿ ਪਾਰਟੀ 2024 ਤੱਕ ਆਪਣਾ ਸਾਰਾ ਕਰਜ਼ਾ ਚੁਕਾ ਦੇਵੇਗੀ।

ਟਰੂਡੋ ਦੀ ਲਿਬਰਲ ਪਾਰਟੀ ਨਾਲ ਸਮਝੌਤਾ ‘ਕਚਰੇ’ ਵਾਂਗ

ਪਾਰਟੀ ਦੀ ਸਾਲਾਨਾ ਕਨਵੈਨਸ਼ਨ ਦੌਰਾਨ ਟੋਰਾਂਟੋ ਤੋਂ ਆਈ ਡੈਲੀਗੇਟ ਅਲਾਨਾ ਜੋਸਟਨ ਨੇ ਕਿਹਾ ਕਿ ਐੱਨ.ਡੀ.ਪੀ ਆਗੂ ਜਗਮੀਤ ਸਿੰਘ ਜਸਟਿਨ ਟਰੂਡੋ ਨੂੰ ਦਿੱਤੇ ਆਪਣੇ ਸਮਰਥਨ ਨੂੰ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਪਰ ਜਸਟਿਨ ਟਰੂਡੋ ਇਸ ਸਮਰਥਨ ਦੀ ਬਿਨਾਂ ਮਤਲਬ ਵਰਤੋਂ ਕਰ ਰਹੇ ਹਨ ਅਤੇ ਇਸ ਦਾ ਸਾਰਾ ਸਿਹਰਾ ਲਿਬਰਲ ਪਾਰਟੀ ਨੂੰ ਜਾ ਰਿਹਾ ਹੈ। ਇਹ ਰਾਜਨੀਤੀ ਨਹੀਂ ਹੈ। ਇਹ ‘ਕਚਰਾ’ ਹੈ। ਇਹ ਇਕ ਤਰ੍ਹਾਂ ਦਾ ਵਪਾਰਕ ਸਮਝੌਤਾ ਹੈ। ਕਨਵੈਨਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਐੱਨ.ਡੀ.ਪੀ ਦਾ ਫਾਇਦਾ ਲਿਬਰਲ ਪਾਰਟੀ ਨੂੰ ਹੋ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।    


author

Vandana

Content Editor

Related News