ਰਾਸ਼ਟਰਪਤੀ ਨੇ ਪਾਕਿਸਤਾਨ ''ਚ ਚੋਣਾਂ ਦੀਆਂ ਤਾਰੀਖ਼ਾਂ ਦਾ ਪ੍ਰਸਤਾਵ ਦੇਣ ਦੀ ਕੀਤੀ ਅਪੀਲ
Wednesday, Apr 06, 2022 - 03:26 PM (IST)
ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਰਾਸ਼ਟਰਪਤੀ ਡਾ. ਆਰਿਫ ਅਲਵੀ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਨੂੰ ਸੰਵਿਧਾਨ ਦੀ ਧਾਰਾ 224 (2) ਤਹਿਤ ਦੇਸ਼ ਵਿਚ ਆਮ ਚੋਣਾਂ ਕਰਾਉਣ ਲਈ ਤਾਰੀਖ਼ਾਂ ਦਾ ਪ੍ਰਸਤਾਵ ਦੇਣ ਦੀ ਅਪੀਲ ਕੀਤੀ। ਰਾਸ਼ਟਰਪਤੀ ਨੇ ਕਮਿਸ਼ਨ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਸੰਵਿਧਾਨ ਦੀ ਧਾਰਾ 48 (5) (ਏ) ਅਤੇ ਧਾਰਾ 224 (2) ਮੁਤਾਬਕ ਆਮ ਚੋਣਾਂ ਕਰਾਉਣ ਲਈ ਨੈਸ਼ਨਲ ਅਸੈਂਬਲੀ ਭੰਗ ਕੀਤੇ ਜਾਣ ਦੀ ਤਾਰੀਖ਼ ਤੋਂ 90 ਦਿਨਾਂ ਬਾਅਦ ਦੀ ਤਾਰੀਖ਼ ਤੈਅ ਕੀਤੀ ਜਾਣੀ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਮਿਸ਼ਨ ਨੇ ਕਿਹਾ ਸੀ ਕਿ ਵੱਖ-ਵੱਖ ਕਾਨੂੰਨੀ ਅੜਚਨਾਂ ਅਤੇ ਪ੍ਰਕਿਰਿਆਤਮਕ ਚੁਣੌਤੀਆਂ ਦੇ ਮੱਦੇਨਜ਼ਰ ਦੇਸ਼ ਵਿਚ 3 ਮਹੀਨੇ ਦੇ ਅੰਦਰ ਆਮ ਚੋਣਾਂ ਕਰਾਉਣਾ ਸੰਭਵ ਨਹੀਂ ਹੈ। ਕਮਿਸ਼ਨ ਨੇ ਹਾਲਾਂਕਿ ਬਾਅਦ ਵਿਚ ਸਪਸ਼ਟ ਕੀਤਾ ਕਿ ਉਸ ਨੇ ਚੋਣਾਂ ਕਰਾਉਣ ਦੇ ਬਾਰੇ ਵਿਚ ਕੋਈ ਬਿਆਨ ਜਾਰੀ ਨਹੀਂ ਕੀਤਾ ਸੀ ਪਰ ਇਹ ਨਹੀਂ ਦੱਸਿਆ ਕਿ ਉਹ 3 ਮਹੀਨੇ ਵਿਚ ਚੋਣਾਂ ਕਰਾਉਣ ਲਈ ਤਿਆਰ ਹਨ ਜਾਂ ਨਹੀਂ। ਸੂਤਰਾਂ ਮੁਤਾਬਕ ਇਸ ਦਰਮਿਆਨ ਕਮਿਸ਼ਨ ਨੇ ਘੱਟ ਤੋਂ ਘੱਟ ਸਮੇਂ ਵਿਚ ਚੋਣ ਹਲਕਿਆਂ ਦੀ ਹੱਦਬੰਦੀ ਕਰਨ ਦੇ ਵਿਕਲਪਾਂ 'ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ।