'ਰਾਸ਼ਟਰਪਤੀ ਟਰੰਪ ਕਦੇ ਮਨਘੜਤ ਗੱਲਾਂ ਨਹੀਂ ਕਰਦੇ'
Wednesday, Jul 24, 2019 - 01:26 AM (IST)

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਦੇ ਇਕ ਉੱਚ ਸਲਾਹਕਾਰ ਨੇ ਮੰਗਲਵਾਰ ਨੂੰ ਆਖਿਆ ਕਿ ਡੋਨਾਲਡ ਟਰੰਪ ਮਨਘੜਤ ਗੱਲਾਂ ਨਹੀਂ ਕਰਦੇ ਹਨ। ਉਨ੍ਹਾਂ ਨੇ ਇਹ ਗੱਲ ਟਰੰਪ ਦੇ ਉਸ ਹੈਰਾਨ ਕਰਨ ਵਾਲੇ ਦਾਅਵੇ 'ਤੇ ਕਹੀ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਮੁੱਦੇ 'ਤੇ ਉਨ੍ਹਾਂ ਤੋਂ ਵਿਚੋਲਗੀ ਕਰਨ ਨੂੰ ਆਖਿਆ ਸੀ। ਟਰੰਪ ਦੇ ਇਸ ਦਾਅਵੇ ਦਾ ਭਾਰਤ ਨੇ ਜ਼ੋਰਦਾਰ ਖੰਡਨ ਕੀਤਾ ਹੈ।
ਟਰੰਪ ਦੇ ਮੁੱਖ ਆਰਥਿਕ ਸਲਾਹਕਾਰ ਲੈਰੀ ਕੁਡਲੋ ਤੋਂ ਵ੍ਹਾਈਟ ਹਾਊਸ 'ਚ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਇਹ ਮਨਘੜਤ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਗਲਤ ਸਵਾਲ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਮਨਘੜਤ ਗੱਲਾਂ ਨਹੀਂ ਕਰਦੇ। ਮੇਰੇ ਹਿਸਾਬ ਨਾਲ ਇਹ ਬਹੁਤ ਗਲਤ ਸਵਾਲ ਹੈ। ਮੈਂ ਇਸ ਦਾ ਕੋਈ ਜਵਾਬ ਨਹੀਂ ਦਵਾਂਗਾ। ਇਹ ਮੇਰੇ ਖੇਤਰ ਤੋਂ ਬਾਹਰ ਦਾ ਹੈ। ਇਹ ਬੋਲਟਨ, ਪੋਂਪੀਓ ਅਤੇ ਰਾਸ਼ਟਰਪਤੀ ਲਈ ਹੈ। ਇਸ ਲਈ ਮੈਂ ਉਸ 'ਤੇ ਕੋਈ ਟਿੱਪਣੀ ਨਹੀਂ ਕਰਨ ਜਾ ਰਿਹਾ ਹਾਂ। ਰਾਸ਼ਟਰਪਤੀ ਕਦੇ ਵੀ ਮਨਘੜਤ ਗੱਲਾਂ ਨਹੀਂ ਕਰਦੇ ਹਨ। ਇਕ ਦਿਨ ਪਹਿਲਾਂ ਵ੍ਹਾਈਟ ਹਾਊਸ 'ਚ ਜਦੋਂ ਟਰੰਪ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਸੀ।
ਟਰੰਪ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਮਹੀਨੇ ਜਾਪਾਨ ਦੇ ਓਸਾਕਾ 'ਚ ਜੀ-20 ਸ਼ਿਖਰ ਸੰਮੇਲਨ ਤੋਂ ਬਾਅਦ ਮੁਲਾਕਾਤ ਦੌਰਾਨ ਉਨ੍ਹਾਂ ਤੋਂ ਕਸ਼ਮੀਰ 'ਤੇ ਵਿਚੋਲਗੀ ਕਰਨ ਨੂੰ ਕਿਹਾ ਸੀ। ਉਥੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਦੇ ਇਸ ਤਰ੍ਹਾਂ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਸੰਸਦ 'ਚ ਇਕ ਬਿਆਨ 'ਚ ਆਖਿਆ ਕਿ ਮੈਂ ਸਦਨ ਨੂੰ ਸਪੱਸ਼ਟ ਰੂਪ ਤੋਂ ਜਾਣੂ ਕਰਾਉਣਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਤੋਂ ਅਜਿਹੀ ਕੋਈ ਅਪੀਲ ਨਹੀਂ ਕੀਤੀ ਹੈ। ਮੈਂ ਦੁਹਰਾਉਂਦਾ ਹਾਂ ਕਿ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਤੋਂ ਅਜਿਹੀ ਕੋਈ ਅਪੀਲ ਨਹੀਂ ਕੀਤੀ ਸੀ।