ਯੇਰੂਸ਼ਲਮ ਮੁੱਦੇ ''ਤੇ ਸੰਯੁਕਤ ਰਾਸ਼ਟਰ ''ਚ ਅਲੱਗ-ਥਲੱਗ ਪਿਆ ਅਮਰੀਕਾ

12/09/2017 12:50:13 PM

ਵਾਸ਼ਿੰਗਟਨ (ਭਾਸ਼ਾ)— ਸੰਯੁਕਤ ਰਾਸ਼ਟਰ (ਯੂ. ਐੱਨ.) 'ਚ ਦਬਦਬਾ ਰੱਖਣ ਵਾਲਾ ਅਮਰੀਕਾ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਐਲਾਨ ਕਰਨ ਦੇ ਮਾਮਲੇ ਵਿਚ ਸੁਰੱਖਿਆ ਪਰੀਸ਼ਦ ਵਿਚ ਅਲੱਗ-ਥਲੱਗ ਪੈ ਗਿਆ। ਮੈਂਬਰ ਦੇਸ਼ਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯੇਰੂਸ਼ਲਮ ਵਾਲੇ ਫੈਸਲੇ ਨੂੰ ਲੈ ਕੇ ਅਮਰੀਕਾ ਤੋਂ ਕਿਨਾਰਾ ਕਰ ਲਿਆ ਹੈ। ਇੱਥੋਂ ਤੱਕ ਕਿ ਬ੍ਰਿਟੇਨ ਅਤੇ ਫਰਾਂਸ ਵਰਗੇ ਅਮਰੀਕਾ ਦੇ ਨੇੜਲੇ ਸਹਿਯੋਗੀਆਂ ਨੇ ਵੀ ਇਸ ਫੈਸਲੇ ਲਈ ਅਮਰੀਕਾ ਨੂੰ ਖੁੱਲ੍ਹੇਆਮ ਫਟਕਾਰ ਲਾਈ ਹੈ।
ਸੰਯੁਕਤ ਰਾਸ਼ਟਰ ਦੀ 15 ਮੈਂਬਰੀ ਪ੍ਰਭਾਵਸ਼ਾਲੀ ਸੁਰੱਖਿਆ ਪਰੀਸ਼ਦ ਦੀ ਐਮਰਜੈਂਸੀ ਬੈਠਕ 'ਚ ਸਿਰਫ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਹੀ ਯੇਰੂਸ਼ਲਮ ਮਾਮਲੇ 'ਤੇ ਟਰੰਪ ਦੇ ਫੈਸਲੇ ਦਾ ਸਮਰਥਨ ਕੀਤਾ। ਬ੍ਰਿਟੇਨ, ਫਰਾਂਸ, ਇਟਲੀ, ਜਰਮਨੀ ਅਤੇ ਸਵੀਡਨ ਨੇ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਉਹ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦੇਣ ਅਤੇ ਅਮਰੀਕੀ ਦੂਤਘਰ ਨੂੰ ਤੇਲ ਅਵੀਵ ਤੋਂ ਯੇਰੂਸ਼ਲਮ ਲੈ ਜਾਣ ਦੀਆਂ ਤਿਆਰੀਆਂ ਦੇ ਅਮਰੀਕਾ ਦੇ ਫੈਸਲੇ ਤੋਂ ਅਸਹਿਮਤ ਹਨ। ਸਾਰੇ ਦੇਸ਼ਾਂ ਦਾ ਕਹਿਣਾ ਹੈ ਕਿ ਇਹ ਖੇਤਰ ਵਿਚ ਸ਼ਾਂਤੀ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਵੀ ਮਦਦਗਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਯੇਰੂਸ਼ਲਮ ਦਾ ਦਰਜਾ ਇਜ਼ਰਾਇਲ ਅਤੇ ਫਿਲਸਤੀਨ ਦਰਮਿਆਨ ਗੱਲਬਾਤ ਜ਼ਰੀਏ ਤੈਅ ਕੀਤਾ ਜਾਣਾ ਚਾਹੀਦਾ ਹੈ, ਤਾਂਕਿ ਉਸ ਦੇ ਦਰਜੇ 'ਤੇ ਅੰਤਿਮ ਫੈਸਲਾ ਹੋ ਸਕੇ। ਟਰੰਪ ਦੇ ਫੈਸਲੇ ਦਾ ਮਜ਼ਬੂਤੀ ਨਾਲ ਬਚਾਅ ਕਰਦੇ ਹੋਏ ਹੈਲੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੂੰ ਸੂਚਿਤ ਕੀਤਾ ਕਿ ਅਮਰੀਕਾ ਨੇ ਇਹ ਫੈਸਲਾ ਚੰਗੀ ਤਰ੍ਹਾਂ ਸਮਝ ਕੇ ਲਿਆ ਹੈ, ਇਸ ਨਾਲ ਸਵਾਲ ਉਠਣਗੇ।


Related News