ਇਮਰਾਨ ਖਾਨ ਦੀ ਪਾਰਟੀ ’ਤੇ ਪਾਬੰਦੀ ਲਗਾਉਣ ਦੀ ਤਿਆਰੀ ’ਚ ਸ਼ਰੀਫ ਸਰਕਾਰ

Friday, May 26, 2023 - 10:47 PM (IST)

ਇਮਰਾਨ ਖਾਨ ਦੀ ਪਾਰਟੀ ’ਤੇ ਪਾਬੰਦੀ ਲਗਾਉਣ ਦੀ ਤਿਆਰੀ ’ਚ ਸ਼ਰੀਫ ਸਰਕਾਰ

ਇਸਲਾਮਾਬਾਦ (ਏ. ਐੱਨ. ਆਈ.) : ਹਾਲ ਹੀ 'ਚ ਦੇਸ਼ਵਿਆਪੀ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਸੱਤਾਧਾਰੀ ਸ਼ਾਹਬਾਜ਼ ਸ਼ਰੀਫ ਸਰਕਾਰ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ’ਤੇ ਪਾਬੰਦੀ ਲਗਾਉਣ ਦੀ ਤਿਆਰੀ ਦੇ ਨਾਲ ਪਾਰਟੀ ਦੇ ਨੇਤਾਵਾਂ ਨੂੰ ਡਰਾ-ਧਮਕਾ ਕੇ ਜਾਂ ਤਾਂ ਪੀ. ਟੀ. ਆਈ. ਛੱਡਣ ਜਾਂ ਨਤੀਜੇ ਭੁਗਤਣ ਨੂੰ ਤਿਆਰ ਰਹਿਣ ਨੂੰ ਕਹਿ ਰਹੀ ਹੈ। ਇਨ੍ਹਾਂ ਧਮਕੀਆਂ ਕਾਰਨ ਪਿਛਲੇ 3-4 ਦਿਨਾਂ ਵਿਚ ਪਾਰਟੀ ਦੇ ਕਈ ਨੇਤਾ ਕੋਈ ਨਾ ਕੋਈ ਬਹਾਨਾ ਬਣਾ ਕੇ ਇਮਰਾਨ ਖਾਨ ਦਾ ਸਾਥ ਛੱਡ ਰਹੇ ਹਨ।

ਇਹ ਵੀ ਪੜ੍ਹੋ : PM ਮੋਦੀ ਦੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੂੰ ਦੋ-ਟੁੱਕ, ਮੰਦਰਾਂ ’ਤੇ ਹਮਲੇ ਬਰਦਾਸ਼ਤ ਨਹੀਂ ਕਰਾਂਗੇ

ਇਸ ਦਰਮਿਆਨ, ਇਮਰਾਨ ਦੇ ਕਰੀਬੀ ਅਤੇ ਉਨ੍ਹਾਂ ਦੀ ਸਰਕਾਰ ਵਿਚ ਮੰਤਰੀ ਰਹੇ ਫਵਾਦ ਚੌਧਰੀ ਨੇ ਵੀ ਬੁੱਧਵਾਰ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ। 9 ਮਈ ਨੂੰ ਹੋਈ ਹਿੰਸਾ ਤੋਂ ਬਾਅਦ ਸਰਕਾਰ ਲਗਾਤਾਰ ਪੀ. ਟੀ. ਆਈ. ਦੇ ਨੇਤਾਵਾਂ ’ਤੇ ਸ਼ਿਕੰਜਾ ਕੱਸ ਰਹੀ ਹੈ। ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਕਿ ਸਰਕਾਰ ਪੀ. ਟੀ. ਆਈ. ’ਤੇ ਪਾਬੰਦੀ ਲਗਾਉਣ ’ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੀ. ਟੀ. ਆਈ. ਨੇ ਦੇਸ਼ ਦੇ ਆਧਾਰ ’ਤੇ ਹਮਲਾ ਕੀਤਾ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਕੈਨੇਡਾ ਗਏ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੜ੍ਹੋ ਇਮੀਗ੍ਰੇਸ਼ਨ ਮੰਤਰੀ ਸਾਨ ਫਰੇਜ਼ਰ ਨੇ ਕੀ ਕਿਹਾ

9 ਮਈ, 2023 ਨੂੰ ਭ੍ਰਿਸ਼ਟਾਚਾਰ ਇਕ ਮਾਮਲੇ ਵਿਚ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਦੇਸ਼ਭਰ ਵਿਚ ਵੱਡੇ ਪੈਮਾਨੇ ’ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਲਾਹੌਰ, ਕਰਾਚੀ ਅਤੇ ਇਸਲਾਮਾਬਾਦ ਸਮੇਤ ਕਈ ਸ਼ਹਿਰਾਂ ਵਿਚ ਵੱਡੇ ਪੈਮਾਨੇ ’ਤੇ ਅਤੇ ਹਿੰਸਕ ਵਿਰੋਧ ਪ੍ਰਦਰਸ਼ਨ ਹੋਏ। ਵੱਡੀ ਗਿਣਤੀ 'ਚ ਪੀ. ਟੀ. ਆਈ. ਕਾਰਕੁੰਨ ਕੋਰ ਕਮਾਂਡਰ ਲਾਹੌਰ ਰਿਹਾਇਸ਼ ਵਿਚ ਦਾਖਲ ਹੋ ਗਏ। ਇਸ ਦਰਮਿਆਨ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁੱਖ ਨੇਤਾਵਾਂ ਸ਼ਾਹ ਮਹਿਮੂਦ ਕੁਰੈਸ਼ੀ, ਜਮਸ਼ੇਦ ਚੀਮਾ ਅਤੇ ਉਨ੍ਹਾਂ ਦੀ ਪਤਨੀ ਮੁਸ਼ਰੱਤ ਚੀਮਾ ਨੂੰ ਬੁੱਧਵਾਰ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਰਾਸ਼ਟਰੀ ਰਾਜਮਾਰਗਾਂ 'ਤੇ ਮੌਤ ਦਾ ਜਾਲ, ਪੜ੍ਹੋ ਹੈਰਾਨੀਜਨਕ ਅੰਕੜੇ

ਲਾਹੌਰ ਪੁਲਸ ਨੇ PTI ਦੇ 746 ਨੇਤਾਵਾਂ ਦੀ ਵਿਦੇਸ਼ ਯਾਤਰਾ ’ਤੇ ਲਗਾਈ ਪਾਬੰਦੀ

ਲਾਹੌਰ (ਅਨਸ) : ਲਾਹੌਰ ਪੁਲਸ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ 746 ਨੇਤਾਵਾਂ ਦੇ ਨਾਂ ਇਕ ਮਹੀਨੇ ਲਈ ਵਿਦੇਸ਼ ਯਾਤਰਾ ’ਤੇ ਪਾਬੰਦੀ ਲਗਾਉਣ ਲਈ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਨੂੰ ਭੇਜੇ ਹਨ। ਡਾਨ ਦੀ ਰਿਪੋਰਟ ਮੁਤਾਬਕ ਪੰਜਾਬ ਸਰਕਾਰ ਨੇ ਦੰਗਿਆਂ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਸ਼ਾਮਲ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਤੇਜ਼ ਕਰਨ ਦਾ ਵੀ ਫੈਸਲਾ ਕੀਤਾ ਹੈ। ਪਾਰਟੀ ਪ੍ਰਧਾਨ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ 9 ਮਈ ਨੂੰ ਭੜਕੀ ਹਿੰਸਾ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਲਈ ਪੀ. ਟੀ. ਆਈ. ਦੇ 746 ਨੇਤਾ ਅਤੇ ਵਰਕਰ ਅਧਿਕਾਰੀਆਂ ਦੇ ਰਾਡਾਰ ’ਤੇ ਹਨ।

ਐੱਫ. ਆਈ. ਏ. ਨੂੰ ਭੇਜੀ ਗਈ ਸੂਚੀ ਵਿਚ ਫੈਸ਼ਨ ਡਿਜ਼ਾਈਨਰ ਖਾਦੀਜਾ ਸ਼ਾਹ, ਪੀ. ਟੀ. ਆਈ. ਦੇ ਸੀਨੀਅਰ ਆਗੂ ਸ਼ਫਕਤ ਮਹਿਮੂਦ, ਖਾਨ ਦੇ ਭਤੀਜੇ ਹਸਨ ਨਿਆਜ਼ੀ, ਪਾਰਟੀ ਸਮਰਥਕ ਸਨਮ ਜਾਵੇਦ ਖਾਨ ਅਤੇ ਹੋਰਾਂ ਦੇ ਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਮਣੀਪੁਰ ’ਚ NEET-UG 3 ਤੋਂ 5 ਜੂਨ ਵਿਚਾਲੇ, CUET-UG ਦਾ ਆਯੋਜਨ 5 ਤੋਂ 8 ਜੂਨ ਤੱਕ ਹੋਵੇਗਾ

ਇਮਰਾਨ ਵਿਰੁੱਧ ‘ਇੰਡੀਆ ਕਾਰਡ’ ਖੇਡ ਰਹੇ ਹਨ ਸ਼ਰੀਫ : ਪਾਕਿ ਪੱਤਰਕਾਰ

ਇਸਲਾਮਾਬਾਦ (ਅਨਸ) : ਮੰਨੇ-ਪ੍ਰਮੰਨੇ ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੇ ਇਕ ਲੇਖ ਵਿਚ ਕਿਹਾ ਕਿ ਇਸਲਾਮਾਬਾਦ ਦੀ ਸਿਆਸਤ ਵਿਚ ‘ਇੰਡੀਆ ਕਾਰਡ’ ਦੀ ਵਾਪਸੀ ਹੋ ਗਈ ਹੈ। ਉਹ ਲਿਖਦੇ ਹਨ ਕਿ ਇਮਰਾਨ ਖਾਨ ਦੇ ਸਿਆਸੀ ਵਿਰੋਧੀ ਉਨ੍ਹਾਂ ਨੂੰ ਭਾਰਤੀ ਮੀਡੀਆ ਵਿਚ ਮਿਲ ਰਹੀ ਪ੍ਰਸ਼ੰਸਾ ਦੀ ਗੱਲ ਚੁੱਕ ਰਹੇ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਕਹਿ ਰਹੇ ਹਨ ਕਿ ਇਮਰਾਨ ਖਾਨ ਪਾਕਿਸਤਾਨੀ ਸੰਸਥਾਨ ਲਈ ਇਕ ਨਵੇਂ ਏਜੰਟ ਹਨ।

ਇਸ ਤੋਂ ਪਹਿਲਾਂ ਮੁਹੰਮਦ ਅਲੀ ਜਿਨਹਾ ਦੀ ਭੈਣ ਫਾਤਿਮਾ ਜਿਨਹਾ ਨੂੰ ਅਯੂਬ ਖਾਨ ਵਲੋਂ ਭਾਰਤੀ ਏਜੰਟ ਐਲਾਨ ਕੀਤਾ ਗਿਆ ਸੀ, ਸ਼ੇਖ ਮੁਜੀਬੁਰ ਰਹਿਮਾਨ ਨੂੰ ਜਨਰਲ ਯਾਹੀਆ ਖਾਨ ਵਲੋਂ ਭਾਰਤੀ ਏਜੰਟ ਐਲਾਨ ਕੀਤਾ ਗਿਆ ਸੀ, ਬੇਨਜ਼ੀਰ ਭੁੱਟੋ ਨੂੰ ਵੀ ਭਾਰਤੀ ਏਜੰਟ ਦੇ ਰੂਪ ਵਿਚ ਲੇਬਲ ਕੀਤਾ ਗਿਆ ਸੀ। ਜਨਰਲ ਮੁਸ਼ਰੱਫ ਦੇ ਹਮਾਇਤੀਆਂ ਵਲੋਂ ਜਨਰਲ ਜਿਆ ਅਤੇ ਨਵਾਜ਼ ਸ਼ਰੀਫ ਨੂੰ ਭਾਰਤੀ ਏਜੰਟ ਐਲਾਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਨਿਲਾਮੀ 'ਚ ਤੋੜੇ ਸਾਰੇ ਰਿਕਾਰਡ, ਜਾਣੋ ਕੀ ਰਹੀ ਕੀਮਤ

ਮੀਰ ਨੇ ਕਿਹਾ ਕਿ ਇਮਰਾਨ ਖਾਨ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਾਂਗ ਸਿਆਸਤ ਤੋਂ ਅਯੋਗ ਠਹਿਰਾਇਆ ਜਾ ਸਕਦਾ ਹੈ। ‘ਇੰਡੀਆ ਕਾਰਡ’ ਦੀ ਵਰਤੋਂ ਨਵਾਜ਼ ਸ਼ਰੀਫ ਵਿਰੁੱਧ ਅਤਿਅੰਤ ਜ਼ਹਿਰੀਲੇ ਤਰੀਕੇ ਨਾਲ ਕੀਤਾ ਗਿਆ ਸੀ। ਹੁਣ ਸ਼ਰੀਫ ਇਮਰਾਨ ਖਾਨ ਵਿਰੁੱਧ ਓਹੀ ‘ਇੰਡੀਆ ਕਾਰਡ’ ਖੇਡ ਰਹੇ ਹਨ। ਸ਼ਰੀਫ 9 ਮਈ ਦੀ ਘਟਨਾ ਦਾ ਬਦਲਾ ਲੈਣ ਲਈ ਅਜਿਹਾ ਕਰ ਰਹੇ ਹਨ, ਪਰ ਜੇਕਰ ਨਵਾਜ਼ ਸ਼ਰੀਫ ਵਾਪਸੀ ਕਰ ਸਕਦੇ ਹਨ ਤਾਂ ਇਮਰਾਨ ਖਾਨ ਵੀ ਕੁਝ ਸਾਲਾਂ ਬਾਅਦ ਅਜਿਹਾ ਕਰ ਸਕਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News