ਧੌਂਸ ਜਮਾਉਣ ਦੇ ਦੋਸ਼ਾਂ ''ਤੇ ਪ੍ਰੀਤੀ ਪਟੇਲ ਦੀ ਸਹਿਯੋਗੀ ਨੂੰ ਮਿਲਣਗੇ 25 ਹਜ਼ਾਰ ਪੌਂਡ
Tuesday, Mar 03, 2020 - 10:08 PM (IST)
ਲੰਡਨ - ਬਿ੍ਰਟਿਸ਼ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਪਹਿਲਾਂ ਮੰਤਰੀ ਰਹਿੰਦੇ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਨਵੇਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮੰਗਲਵਾਰ ਨੂੰ ਇਹ ਸਾਹਮਣੇ ਆਇਆ ਕਿ ਉਨ੍ਹਾਂ ਦੀ ਸਾਬਕਾ ਸਹਿਯੋਗੀ ਨੂੰ 2015 ਵਿਚ ਸਰਕਾਰ ਤੋਂ 25,000 ਪੌਂਡ ਮਿਲੇ ਸਨ। ਇਹ ਰਕਮ ਉਨ੍ਹਾਂ ਨੂੰ ਤੱਤਕਾਲੀ ਰੁਜ਼ਗਾਰ ਮੰਤਰੀ ਵੱਲੋਂ ਧੌਂਸ ਜਮਾਏ ਜਾਣ ਦਾ ਦਾਅਵਾ ਕਰਨ ਤੋਂ ਬਾਅਦ ਦਿੱਤੀ ਗਈ ਸੀ। ਗ੍ਰਹਿ ਮੰਤਰਾਲੇ ਦੇ ਵਿਭਾਗ ਦੇ ਉੱਚ ਨੌਕਰਸ਼ਾਹ ਦੇ ਧੌਂਸ ਜਮਾਏ ਜਾਣ ਦੇ ਦੋਸ਼ਾਂ ਵਿਚਾਲੇ ਅਸਤੀਫਾ ਦੇਣ ਤੋਂ ਬਾਅਦ ਭਾਰਤੀ ਮੂਲ ਦੀ ਮੰਤਰੀ 'ਤੇ ਵੀ ਅਸਤੀਫਾ ਦੇਣ ਦਾ ਦਬਾਅ ਹੈ। ਉਨ੍ਹਾਂ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਬਿ੍ਰਟਿਸ਼ ਪ੍ਰਧਾਨ ਮੰਤਰੀ ਨੇ ਵੀ ਸ਼ਾਨਦਾਰ ਮੰਤਰੀ ਦੱਸ ਕੇ ਉਨ੍ਹਾਂ ਦਾ ਸਮਰਥਨ ਕੀਤਾ ਸੀ।
ਬੀ. ਬੀ. ਸੀ. ਵੱਲੋਂ ਦੇਖੇ ਗਏ ਕਾਨੂੰਨੀ ਦਸਤਾਵੇਜ਼ਾਂ ਮੁਤਾਬਕ ਕਾਰਜ ਅਤੇ ਪੈਨਸ਼ਨ ਵਿਭਾਗ (ਡੀ. ਡਬਲਯੂ. ਪੀ.) ਦੀ ਬੇਨਾਮ ਜੂਨੀਅਰ ਕਰਮਚਾਰੀ ਨੇ ਉਸ ਵੇਲੇ ਰੁਜ਼ਗਾਰ ਮੰਤਰੀ ਰਹੀ ਪਟੇਲ ਸਮੇਤ ਵਿਭਾਗ ਖਿਲਾਫ ਧੌਂਸ ਜਮਾਉਣ ਅਤੇ ਸਜ਼ਾ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਇਹ ਸ਼ਿਕਾਇਤ ਉਕਤ ਕਰਮਚਾਰੀ ਨੇ ਅਕਤੂਬਰ 2015 ਵਿਚ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਤੋਂ ਬਾਅਦ ਕੀਤੀ ਸੀ। ਪੀਡ਼ਤ ਕਰਮਚਾਰੀ ਦੇ ਲਾਇਨ ਪ੍ਰਬੰਧਕ ਅਤੇ ਇਕ ਸਹਿ ਕਰਮੀ ਵੱਲੋਂ ਦਿੱਤੇ ਗਏ ਬਿਆਨਾਂ ਮੁਤਾਬਕ ਡੀ. ਡਬਲਯੂ. ਪੀ. ਨੇ ਜਵਾਬਦੇਹੀ ਸਵੀਕਾਰ ਨਹੀਂ ਕੀਤੀ ਅਤੇ ਇਹ ਮਾਮਲਾ ਕਿਸੇ ਰੁਜ਼ਗਾਰ ਟਿ੍ਰਬਿਊਨਲ ਸਾਹਮਣੇ ਨਹੀਂ ਆਇਆ ਪਰ ਸਟਾਫ ਦੇ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਬਰਖਾਸਤ ਕਰਨ ਦਾ ਫੈਸਲਾ ਉਸ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਨਹੀਂ ਲਿਆ ਗਿਆ ਬਲਕਿ ਇਸ ਲਈ ਲਿਆ ਗਿਆ ਕਿਉਂਕਿ ਪਟੇਲ ਨੂੰ ਚਿਹਰਾ ਪਸੰਦ ਨਹੀਂ ਸੀ।
ਪਟੇਲ ਦੇ ਇਕ ਕਰੀਬੀ ਸੂਤਰ ਨੇ ਬੀ. ਬੀ. ਸੀ. ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਕੋਈ ਸ਼ਿਕਾਇਤ ਕੀਤੀ ਗਈ ਹੈ। ਸਰਕਾਰ ਨੇ ਆਖਿਆ ਕਿ ਮੰਤਰੀ ਦੀ ਚੋਣ ਜ਼ਾਬਤਾ ਦੇ ਤਹਿਤ ਤੱਥਾਂ ਨੂੰ ਸਥਾਪਿਤ ਕਰਨ ਲਈ ਇਕ ਜਾਂਚ ਸ਼ੁਰੂ ਕੀਤੀ ਜਾਵੇਗੀ। ਵਿਰੋਧੀ ਧਿਰ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਹਮਲਾਵਰ ਹੈ ਅਤੇ ਉਸ ਨੇ ਜਾਂਚ ਹੋਣ ਤੱਕ ਪ੍ਰੀਤੀ ਪਟੇਲ ਦੇ ਅਸਤੀਫੇ ਦੀ ਮੰਗ ਕੀਤੀ ਹੈ।