ਪਾਕਿਸਤਾਨ 'ਚ PPP ਨੇ ਸਰਕਾਰ ਤੋਂ ਵੱਖ ਹੋਣ ਦੇ ਦਿੱਤੇ ਸੰਕੇਤ

Monday, Mar 06, 2023 - 11:50 AM (IST)

ਪਾਕਿਸਤਾਨ 'ਚ PPP ਨੇ ਸਰਕਾਰ ਤੋਂ ਵੱਖ ਹੋਣ ਦੇ ਦਿੱਤੇ ਸੰਕੇਤ

ਕਰਾਚੀ (ਵਾਰਤਾ)- ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਚੇਅਰਮੈਨ ਅਤੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਿੰਧ ਦੇ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਦਾ ਆਪਣਾ ਵਾਅਦਾ ਪੂਰਾ ਨਹੀਂ ਕਰਦਾ ਹੈ, ਤਾਂ ਉਹਨਾਂ ਦੀ ਪਾਰਟੀ ਲਈ ਸੰਘੀ ਸਰਕਾਰ ਦਾ ਹਿੱਸਾ ਬਣੇ ਰਹਿਣਾ ਮੁਸ਼ਕਲ ਹੋਵੇਗਾ। ਇਸ ਦੌਰਾਨ ਭੁੱਟੋ-ਜ਼ਰਦਾਰੀ ਨੇ ਡਿਜੀਟਲ ਜਨਗਣਨਾ ਕਰਾਉਣ ਦੇ ਤਰੀਕੇ 'ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਇਹ ਅਸਵੀਕਾਰਨਯੋਗ ਹੈ ਕਿ ਇਕ ਸੂਬੇ ਵਿਚ ਚੋਣਾਂ ਵੱਖਰੀ ਜਨਗਣਨਾ ਦੇ ਆਧਾਰ 'ਤੇ ਕਰਵਾਈਆਂ ਜਾਣ ਅਤੇ ਦੂਜੀਆਂ ਸੂਬਾਈ ਚੋਣਾਂ 'ਖਾਮੀਆਂ' ਵਾਲੀ ਡਿਜੀਟਲ ਜਨਗਣਨਾ ਦੇ ਆਧਾਰ 'ਤੇ ਕਰਵਾਈਆਂ ਜਾਣ। 

ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਐਤਵਾਰ ਨੂੰ ਇੱਥੇ 'ਸਬਸਿਡੀ ਪ੍ਰੋਗਰਾਮ: ਕਣਕ ਦੇ ਬੀਜ ਦੀ ਭਰਪਾਈ' ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ 'ਚ ਇਹ ਗੱਲਾਂ ਕਹੀਆਂ। ਉਹਨਾਂ ਨੇ ਇਸ ਪ੍ਰੋਗਰਾਮ ਤਹਿਤ ਸੂਬਾਈ ਬਜਟ ਤੋਂ 8.39 ਬਿਲੀਅਨ ਰੁਪਏ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ (ਬੀ.ਆਈ.ਐਸ.ਪੀ.) ਨੂੰ ਟਰਾਂਸਫਰ ਕਰ ਦਿੱਤੇ, ਜੋ ਕਿ ਇਸ ਪ੍ਰੋਗਰਾਮ ਦੇ ਤਹਿਤ 12 ਏਕੜ ਤੱਕ ਦੀ ਖੇਤੀ ਵਾਲੀ ਜ਼ਮੀਨ ਦੇ ਹਰੇਕ ਛੋਟੇ ਉਤਪਾਦਕ ਨੂੰ 5,000 ਰੁਪਏ ਪ੍ਰਤੀ ਏਕੜ ਵੰਡਣਾ ਸੀ। ਕਿਉਂਕਿ ਸਬਸਿਡੀ ਪ੍ਰੋਗਰਾਮ ਰਾਹੀਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਲਈ 13.5 ਬਿਲੀਅਨ ਰੁਪਏ ਦੀ ਲੋੜ ਸੀ, ਇਸ ਲਈ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਫੈਡਰਲ ਸਰਕਾਰ 4.7 ਬਿਲੀਅਨ ਰੁਪਏ ਦੀ ਗਰਾਂਟ ਦੇਵੇਗੀ ਅਤੇ ਬਾਕੀ 8.39 ਬਿਲੀਅਨ ਰੁਪਏ ਸਿੰਧ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਣਗੇ।  

ਪੜ੍ਹੋ ਇਹ ਅਹਿਮ ਖ਼ਬਰ-ਸਾਬਕਾ ਪਾਕਿਸਤਾਨੀ ਜਨਰਲ ਨੇ ਸਿਵਲ-ਮਿਲਟਰੀ ਅਸੰਤੁਲਨ ਲਈ ਸਿਆਸੀ ਲੀਡਰਸ਼ਿਪ ਨੂੰ ਠਹਿਰਾਇਆ ਜ਼ਿੰਮੇਵਾਰ

ਉਹਨਾਂ ਨੇ ਕਿਹਾ ਕਿ ਕੇਂਦਰ ਦੀ ਪੀਡੀਐਮ ਦੀ ਅਗਵਾਈ ਵਾਲੀ ਸਰਕਾਰ ਨੂੰ ਉਸਦੇ ਵਾਅਦੇ ਦੀ ਯਾਦ ਦਿਵਾਉਂਦੇ ਹੋਏ ਇਹ ਕਦਮ ਚੁੱਕਿਆ ਗਿਆ। ਉਹਨਾਂ ਨੇ ਅੱਗੇ ਕਿਹਾ ਕਿ “ਅਸੀਂ ਇਸ ਮੁੱਦੇ ਨੂੰ ਨੈਸ਼ਨਲ ਅਸੈਂਬਲੀ ਵਿੱਚ ਉਠਾਵਾਂਗੇ। ਉਨ੍ਹਾਂ ਕਿਹਾ ਕਿ ਉਹ ਹੜ੍ਹ ਪੀੜਤਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰਨਗੇ, ਨਹੀਂ ਤਾਂ ਪੀਪੀਪੀ ਲਈ ਫੈਡਰਲ ਸਰਕਾਰ ਦਾ ਹਿੱਸਾ ਬਣਨਾ ਬਹੁਤ ਮੁਸ਼ਕਲ ਹੋ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News