ਮੈਕਸੀਕੋ 'ਚ ਭੂਚਾਲ ਨੇ ਲੋਕਾਂ ਦੀ ਜਾਨ ਪਾਈ ਸੁੱਕਣੀ, 5 ਦੀ ਮੌਤ ਤੇ 30 ਜ਼ਖਮੀ (ਤਸਵੀਰਾਂ)
Wednesday, Jun 24, 2020 - 08:25 AM (IST)
ਮੈਕਸੀਕੋ ਸਿਟੀ- ਮੈਕਸੀਕੋ ਵਿਚ ਬੀਤੇ ਦਿਨ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.1 ਮਾਪੀ ਗਈ, ਹਾਲਾਂਕਿ ਪਹਿਲਾਂ ਤੀਬਰਤਾ 7.4 ਦੱਸੀ ਜਾ ਰਹੀ ਸੀ। ਭੂਚਾਲ ਦੇ ਤੇਜ਼ ਝਟਕਿਆਂ ਵਿਚ 5 ਲੋਕਾਂ ਦੀ ਮੌਤ ਹੋ ਗਈ ਤੇ 30 ਹੋਰ ਜ਼ਖਮੀ ਹੋ ਗਏ। ਮੈਕਸੀਕਨ ਸੁਰੱਖਿਆ ਅਤੇ ਨਾਗਰਿਕ ਸੁਰੱਖਿਆ ਵਿਭਾਗ ਨੇ 4 ਮੌਤਾਂ ਦੀ ਰਿਪੋਰਟ ਦਿੱਤੀ ਸੀ ਜਦਕਿ ਓਕਸਾਕਾ ਸੂਬੇ ਦੇ ਗਵਰਨਰ ਅਲੇਜਾਂਦਰੋ ਮੁਰਾਤ ਨੇ ਪੰਜਵੀਂ ਮੌਤ ਦੀ ਰਿਪੋਰਟ ਦਿੱਤੀ ਹੈ।
ਭੂਚਾਲ ਦਾ ਕੇਂਦਰ ਰਹੇ ਓਕਸਾਸਾ ਸੂਬੇ ਵਿਚ ਹੀ ਇਹ ਸਾਰੀਆਂ ਮੌਤਾਂ ਹੋਈਆਂ। ਰਾਸ਼ਟਰੀ ਨਾਗਰਿਕ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਭੂਚਾਲ ਵਿਚ 30 ਤੋਂ ਵੱਧ ਲੋਕ ਜ਼ਖਮੀ ਹੋ ਗਏ। ਭੂਚਾਲ ਨਾਲ ਦੇਸ਼ ਦੇ ਦੱਖਣ ਵਿਚ ਸਥਿਤ 5 ਹਸਪਤਾਲ ਨੁਕਸਾਨੇ ਗਏ। ਭੂਚਾਲ ਦੇ ਝਟਕੇ ਦੇਸ਼ ਦੇ 11 ਸੂਬਿਆਂ ਵਿਚ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਸੇਵਾ ਨੇ ਦੱਸਿਆ ਕਿ ਮੰਗਲਵਾਰ ਨੂੰ ਮੈਕਸੀਕੋ ਦੇ ਦੱਖਣ ਵਿਚ 7.1 ਤੀਬਰਤਾ ਦਾ ਭੂਚਾਲ ਆਇਆ ਸੀ।
ਸਥਾਨਕ ਸਮੇਂ ਮੁਤਾਬਕ ਸਵੇਰੇ 10.30 ਵਜੇ ਭੂਚਾਲ ਦੇ ਝਟਕੇ ਲੱਗੇ ਤੇ ਲੋਕ ਜਾਨ ਬਚਾਉਣ ਲਈ ਘਰਾਂ ਵਿਚੋਂ ਬਾਹਰ ਆ ਗਏ। ਲੋਕਾਂ ਦੀ ਜਾਨ ਸੁੱਕਣੀ ਪੈ ਗਈ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਲ ਲਾ ਕੇ ਉਹ ਦੁਆਵਾਂ ਕਰਨ ਲੱਗੇ। ਕਈ ਘਰਾਂ ਤੇ ਦੁਕਾਨਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।
2017 ਵਿਚ ਇੱਥੇ ਤੇਜ਼ ਭੂਚਾਲ ਨੇ 300 ਜਾਨਾਂ ਲੈ ਲਈਆਂ ਸਨ ਅਤੇ ਬੀਤੇ ਦਿਨ ਆਏ ਭੂਚਾਲ ਨੇ ਉਹ ਦੁੱਖਦਾਈ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ।
ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਹਸਪਤਾਲਾਂ ਦਾ ਸਟਾਫ ਵੀ ਬਾਹਰ ਆ ਗਿਆ ਤੇ ਭੂਚਾਲ ਰੁਕਣ ਦਾ ਸਭ ਇੰਤਜ਼ਾਰ ਕਰਨ ਲੱਗੇ। ਕੋਈ ਇਸ ਕੁਦਰਤੀ ਆਫਤ ਦੇ ਟਲਣ ਦੀਆਂ ਦੁਆਵਾਂ ਕਰ ਰਿਹਾ ਸੀ ਤੇ ਕੋਈ ਫੋਨ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਦਾ ਹਾਲ ਪੁੱਛ ਰਿਹਾ ਸੀ।